ਟਰੰਪ ਨੇ ਰੀਅਲ ਅਸਟੇਟ ਸਾਮਰਾਜ ਦਾ ਨਿਰਮਾਣ ਕਰਦਿਆਂ ਬੈਂਕਾਂ ਅਤੇ ਬੀਮਾਕਰਤਾਵਾਂ ਨੂੰ ਦਿੱਤਾ ਧੋਖਾ

New York-ਨਿਊਯਾਰਕ ਦੇ ਇੱਕ ਜੱਜ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਬੇਟਿਆਂ ਨੂੰ ਧੋਖਾਧੜੀ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜੱਜ ਦੇ ਫ਼ੈਸਲੇ ਮੁਤਾਬਕ ਡੋਨਾਲਡ ਟਰੰਪ ਨੇ ਰੀਅਲ ਅਸਟੇਟ ਸਾਮਰਾਜ ਦਾ ਨਿਰਮਾਣ ਕਰਦੇ ਵੇਲੇ ਸਾਲਾਂ ਤੱਕ ਧੋਖਾਧੜੀ ਕੀਤੀ, ਜਿਸ ਨੇ ਉਨ੍ਹਾਂ ਨੂੰ ਪ੍ਰਸਿੱਧੀ ਅਤੇ ਵ੍ਹਾਈਟ ਹਾਊਸ ਦੋਹਾਂ ਤੱਕ ਪਹੁੰਚਾਇਆ।
ਜਸਟਿਸ ਆਰਥਰ ਐਂਗੋਰੋਨ ਨੇ ਨਿਊਯਾਰਕ ਅਟਾਰਨੀ ਜਨਰਲ ਵਲੋਂ ਲਾਏ ਗਏ ਇੱਕ ਨਾਗਰਿਕ ਮੁਕੱਦਮੇ ’ਚ ਫ਼ੈਸਲਾ ਸੁਣਾਉਂਦਿਆਂ ਪਾਇਆ ਕਿ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਦੀ ਜਾਇਦਾਦ ਦਾ ਵੱਡੇ ਪੱਧਰ ’ਤੇ ਵੱਧ ਮੁਲਾਂਕਣ ਕਰਕੇ ਅਤੇ ਸੌਦੇ ਕਰਨ ਤੇ ਵਿੱਤਪੋਸ਼ਣ ਹਾਸਲ ਕਰਨ ’ਚ ਵਰਤੀਆਂ ਗਈਆਂ ਕਾਗਜ਼ੀ ਕਾਰਵਾਈਆਂ ’ਤੇ ਉਨ੍ਹਾਂ ਦੀ ਜਾਇਦਾਦ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਕੇ ਬੈਂਕਾਂ, ਬੀਮਾਕਰਤਾਵਾਂ ਅਤੇ ਹੋਰਨਾਂ ਲੋਕਾਂ ਨੂੰ ਧੋਖਾ ਦਿੱਤਾ ਹੈ।
ਐਂਗੋਰੋਨ ਨੇ ਹੁਕਮ ਦਿੱਤਾ ਹੈ ਕਿ ਸਜ਼ਾ ਦੇ ਤੌਰ ’ਤੇ ਟਰੰਪ ਦੇ ਕੁਝ ਕਾਰੋਬਾਰਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਣ, ਜਿਸ ਕਾਰਨ ਉਨ੍ਹਾਂ ਲਈ ਨਿਊਯਾਰਕ ’ਚ ਵਪਾਰ ਕਰਨਾ ਮੁਸ਼ਕਲ ਜਾਂ ਅਸੰਭਵ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਟਰੰਪ ਆਰਗੇਨਾਈਜੇਸ਼ਨ ਦੇ ਸੰਚਾਲਨ ਦੀ ਦੇਖਰੇਖ ਕਰਨ ਲਈ ਇੱਕ ਸੁਤੰਤਰ ਮਾਨੀਟਰ ਰੱਖਣਾ ਜਾਰੀ ਰੱਖਣਗੇ। ਉੱਧਰ ਟਰੰਪ ਦੇ ਬੁਲਾਰੇ ਨੇ ਅਦਾਲਤ ਦੇ ਇਸ ਫ਼ੈਸਲੇ ’ਤੇ ਫਿਲਹਾਲ ਤੁਰੰਤ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲਾਂਕਿ ਟਰੰਪ ਲੰਬੇ ਸਮੇਂ ਤੋਂ ਇਸ ਗੱਲ ’ਤੇ ਜ਼ੋਰ ਦਿੰਦੇ ਰਹੇ ਹਨ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ।