ਕੈਨੇਡਾ ਚ ਪੰਜਾਬੀ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਮੌਤ, ਪਿੰਡ ‘ਚ ਸੋਗ

ਡੈਸਕ – ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਕੈਨੇਡਾ ਵਿਚ ਮੌਤ ਹੋਣ ਦੀ ਖਬਰ ਮਿਲੀ ਹੈ। ਸ਼ੇਰਾ ਅਠਵਾਲ ਪਿਛਲੇ ਕਾਫੀ ਸਮੇਂ ਤੋਂ ਕਬੱਡੀ ਖੇਡ ਰਿਹਾ ਸੀ ਤੇ ਪੂਰੇ ਭਾਰਤ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿਚ ਵੀ ਉਸ ਨੇ ਕਬੱਡੀ ਖੇਡੀ ਸੀ।

ਸ਼ੇਰਾ 2018 ਤੋਂ ਕੈਨੇਡਾ ਵਿਚ ਰਹਿ ਰਿਹਾ ਸੀ। ਉਹ ਪਿੰਡ ਆਇਆ ਹੋਇਆ ਸੀ ਤੇ ਅਜੇ ਉਹ 10 ਦਿਨ ਪਹਿਲਾਂ ਹੀ ਕੈਨੇਡਾ ਵਾਪਸ ਪਰਤਿਆ ਸੀ। ਸ਼ੇਰੇ ਦਾ ਵਿਆਹ ਸਾਲ ਪਹਿਲਾਂ ਹੀ ਹੋਇਆ ਸੀ। ਕਬੱਡੀ ਖਿਡਾਰੀ ਦੀ ਹੋਈ ਇਸ ਅਚਾਨਕ ਮੌਤ ਦੇ ਬਾਅਦ ਉਸ ਦੇ ਜੱਦੀ ਪਿੰਡ ਅਠਵਾਲ ਜ਼ਿਲ੍ਹਾ ਗੁਰਦਾਸਪੁਰ ਵਿਚ ਸੋਗ ਦੀ ਲਹਿਰ ਹੈ।

ਸ਼ੇਰੇ ਦੇ ਕੁਝ ਦੋਸਤਾਂ ਨੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਕਿ ਉਸ ਦੀ ਮੌਤ ਹੋ ਗਈ ਹੈ। ਸ਼ੇਰੇ ਦੀ ਪੋਸਟਮਾਰਟਮ ਰਿਪੋਰਟ ਅਜੇ ਤੱਕ ਨਹੀਂ ਮਿਲੀ ਹੈ ਤੇ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ। ਕਬੱਡੀ ਖਿਡਾਰੀ ਦੀ ਪਤਨੀ ਉਸ ਦੀ ਮ੍ਰਿਤਕ ਦੇਹ ਲੈਣ ਲਈ ਕੈਨੇਡਾ ਜਾਵੇਗੀ ਅਤੇ ਲਗਭਗ 12 ਦਿਨ ਬਾਅਦ ਸ਼ੇਰੇ ਦੀ ਮ੍ਰਿਤਕ ਉਸ ਦੇ ਜੱਦੀ ਪਿੰਡ ਅਠਵਾਲ ਵਿਖੇ ਪਹੁੰਚੇਗੀ। ਮੌਤ ਦੀ ਖਬਰ ਮਿਲਦਿਆਂ ਹੀ ਪੂਰੇ ਪਿੰਡ ਵਿਚ ਮਾਹੌਲ ਗਮਗੀਨ ਹੋਇਆ ਪਿਆ ਹੈ।

ਸ਼ੇਰੇ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਖੇਡਾਂ ਦਾ ਬਹੁਤ ਸ਼ੌਕ ਸੀ ਤੇ ਕਬੱਡੀ ਨਾਲ ਉਸ ਦਾ ਖਾਸ ਲਗਾਅ ਸੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸ਼ੇਰੇ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਕਿ ਉਸ ਦੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।