ਲਗਾਤਾਰ ਘਟਦੀ ਜਾ ਰਹੀ ਹੈ ਟਰੂਡੋ ਦੀ ਪ੍ਰਸਿੱਧੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਸਿੱਧੀ ਲਗਾਤਾਰ ਘਟਦੀ ਜਾ ਰਹੀ ਹੈ। ਇੱਕ ਨਵੇਂ ਸਰਵੇਖਣ ਮੁਤਾਬਕ ਲਗਭਗ ਤਿੰਨ ’ਚੋਂ ਦੋ ਕੈਨੇਡੀਅਨਾਂ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਾਰੇ ’ਚ ਧਾਰਨਾਵਾਂ ਠੀਕ ਨਹੀਂ ਹਨ। ਸਰਵੇ ’ਚ ਸ਼ਾਮਿਲ ਅੱਧੇ ਤੋਂ ਵੱਧ ਲੋਕ ਚਾਹੁੰਦੇ ਹਨ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੀਆਂ ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇ ਦੇਣ। ਉੱਥੇ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਟਰੂਡੋ ਦੀਆਂ ਨੀਤੀਆਂ ਅਤੇ ਜਨਤਕ ਕਰਜ਼ਾ ਉਨ੍ਹਾਂ ਕਾਰਨਾਂ ਦੀ ਚੋਟੀ ’ਤੇ ਹੈ, ਜਿਨ੍ਹਾਂ ਦੇ ਚੱਲਦਿਆਂ ਲੋਕ ਚਾਹੁੰਦੇ ਹਨ ਕਿ ਉਹ ਅਸਤੀਫ਼ਾ ਦੇ ਦੇਣ। ਸਰਵੇ ’ਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਟਰੂਡੋ ਸਿਰਫ਼ ਇਸ ਗੱਲ ਲਈ ਅਸਤੀਫ਼ਾ ਦੇ ਦੇਣ ਕਿ ਲੋਕ ਹੁਣ ਉਨ੍ਹਾਂ ਤੋਂ ਅੱਕ ਚੁੱਕੇ ਹਨ।
‘ਦ ਕੈਨੇਡੀਅਨ ਪ੍ਰੈੱਸ’ ਲਈ ਕੀਤੇ ਗਏ ਲੇਗਰ ਪੋਲ ਤੋਂ ਪਤਾ ਲੱਗਦਾ ਹੈ ਕਿ ਮਹਿੰਗਾਈ ਤੋਂ ਲੈ ਕੇ ਸਿਹਤ ਦੇਖਭਾਲ, ਸਰਕਾਰੀ ਖ਼ਰਚ ਅਤੇ ਜਲਵਾਯੂ ਤਬਦੀਲੀ ਤੱਕ ਹਰ ਚੀਜ਼ ’ਤੇ ਲਿਬਰਲ ਸਰਕਾਰ ਪ੍ਰਤੀ ਲੋਕਾਂ ’ਚ ਵਿਆਪਕ ਅਸੰਤੁਸ਼ਟੀ ਹੈ। ਸਰਵੇਖਣ ਕੈਨੇਡਾ ’ਚ ਪਿਛਲੇ ਵੀਕਐਂਡ ਆਨਲਾਈਨ ਆਯੋਜਿਤ ਕੀਤਾ ਗਿਆ ਸੀ। ਇਸ ਸਰਵੇ ’ਚ 1,612 ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਸਰਵੇ ’ਚ 30 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੂਡੋ ਉਹ ਟਰੂਡੋ ਸਰਕਾਰ ਤੋਂ ਸੰਤੁਸ਼ਟ ਹਨ, ਜਦੋਂਕਿ 63 ਫ਼ੀਸਦੀ ਲੋਕਾਂ ਨੇ ਕਿਹਾ ਉਹ ਅਸੰਤੁਸ਼ਟ ਹਨ। ਕਿਊਬਕ ’ਚ 34 ਫ਼ੀਸਦੀ ਰਿਸਪਾਂਡਰਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਸੰਤੁਸ਼ਟ ਹਨ, ਜਦਕਿ 61 ਫ਼ੀਸਦੀ ਅਸੰਤੁਸ਼ਟ ਸਨ।
ਇਸ ਸਾਲ ਸਤੰਬਰ ਮਹੀਨੇ ਹੋਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਚੋਣਾਂ ਹੋਣਗੀਆਂ ਤਾਂ ਟਰੂਡੋ ਸੱਤਾ ਤੋਂ ਲਾਂਭੇ ਹੋ ਜਾਣਗੇ। ਕੈਨੇਡਾ ਦੇ ਗਲੋਬਲ ਨਿਊਜ਼ ’ਚ ਪ੍ਰਕਾਸ਼ਿਤ Ipsos ਸਰਵੇ ਮੁਤਾਬਕ, ਜਵਾਬ ਦੇਣ ਵਾਲੇ 40 ਫ਼ੀਸਦੀ ਲੋਕਾਂ ਨੇ ਦਾ ਮੰਨਣਾ ਹੈ ਕਿ ਕੰਜ਼ਰਵੇਟਿਵ ਨੇਤਾ ਪਿਏਰੇ ਪੌਲੀਐਵ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਉੱਥੇ ਹੀ ਇਸ ਸੂਚੀ ’ਚ ਟਰੂਡੋ ਦੂਜੇ ਨੰਬਰ ’ਤੇ ਹੈ। ਉਨ੍ਹਾਂ ਨੂੰ 31 ਫ਼ੀਸਦੀ ਲੋਕਾਂ ਨੇ ਪਸੰਦ ਕੀਤਾ ਹੈ। ਰਿਪੋਰਟ ਮੁਤਾਬਕ Ipsos ਦੇ ਸੀ. ਈ. ਓ. ਦਾ ਮੰਨਣਾ ਹੈ ਕਿ ਜੇਕਰ ਅੱਜ ਹੀ ਚੋਣਾਂ ਹੁੰਦੀਆਂ ਹਨ, ਤਾਂ ਕੰਜ਼ਰਵੇਟਿਵ ਸਰਕਾਰ ਬਣਾ ਸਕਦੇ ਹਨ।