ਹਰਿਆਣਾ- ਪੰਜਾਬ ਨੂੰ ਲੜਾਉਣ ਦੀ ਥਾਂ ਪਾਣੀ ਦਾ ਇੰਤਜ਼ਾਮ ਕਰਨ ਪੀ.ਐੱਮ ਮੋਦੀ – ਕੇਜਰੀਵਾਲ

ਹਿਸਾਰ- ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ‘ਚ ਸੁਪਰੀਮ ਕੋਰਟ ਵਲੋਂ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਗੱਲਬਾਤ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਨੇ ਆਇਆ ਹੈ । ਹਿਸਾਰ ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਕੇਜਰੀਵਾਲ ਨੇ ਇਸ ਮਾਮਲੇ ਲਈ ਕੇਂਦਰ ਸਰਕਾਰ ਦੇ ਸਿਰ ਜ਼ਿੰਮੇਵਾਰੀ ਪਾ ਦਿੱਤੀ । ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਅੱਗੇ ਆਉਣ ਦੀ ਲੋੜ ਹੈ ।ਕੇਜਰੀਵਾਲ ਦੇ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਪੀ.ਐੱਮ ਪੰਜਾਬ ਅਤੇ ਹਰਿਆਣਾ ਲਈ ਪਾਣੀ ਦਾ ਇੰਤਜ਼ਾਮ ਕਰਵਾਉਣ । ਦੋਹਾਂ ਸੂਬਿਆਂ ਨੂੰ ਲੜਾਉਣ ਦੀ ਥਾਂ ਪਾਣੀ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ।

ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਚਾਹ ‘ਤੇ ਬੁਲਾ ਲੈਣ ਤਾਂ ਉਹ ਬੈਠ ਕੇ ਪ੍ਰਧਾਨ ਮੰਤਰੀ ਨੂੰ ਐੱਸ.ਵਾਈ.ਐੱਲ ਮੁੱਦੇ ਦਾ ਹੱਲ ਦੱਸ ਦੇਣਗੇ ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੁਰ ਨਾਲ ਸੁਰ ਮਿਲਾਇਆ ਹੈ । ਉਨਾਂ ਕਿਹਾ ਕਿ ਕੇਂਦਰ ਨੂੰ ਦੋਹਾਂ ਸੂਬਿਆਂ ਚ ਪਾੜ ਪਾਉਣ ਦੀ ਥਾਂ ਦੋਹਾਂ ਦਾ ਮਸਲਾ ਹੱਲ ਕਰਵਾਉਣਾ ਚਾਹੀਦਾ ਹੈ ।

ਇਕ ਸਵਾਲ ਦੇ ਜਵਾਬ ਚ ਸੀ.ਐੱਮ ਪੰਜਾਬ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਉਨ੍ਹਾਂ ਨੂੰ ਬੈਠਕ ਲਈ ਸੱਦਾ ਦਿੰਦੇ ਹਨ ਤਾਂ ਉਹ ਜ਼ਰੂਰ ਜਾਣਗੇ ।

ਪੰਜਾਬ ਸਰਕਾਰ ਦੇ ਖਜਾਨੇ ‘ਚ ਕੰਗਾਲੀ ਅਤੇ ਮੁਲਾਜ਼ਮਾਂ ਨੂੰ ਤਣਖਾਹ ਨਾ ਦਿੱਤੇ ਜਾਣ ਦੇ ਬਿਆਨ ‘ਤੇ ਸੀ,ਐੱਮ ਮਾਨ ਨੇ ਕਿਹਾ ਕਿ ਸ਼ਾਮ ਤੱਕ ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਤਣਖਾਹ ਦੇ ਦਿੱਤੀ ਜਾਵੇਗੀ ।ਮਾਨ ਨੇ ਕਿਹਾ ਕਿ ਪੰਜਾਬ ਦੀ ਇਮਾਨਦਾਰ ‘ਆਪ’ ਸਰਕਾਰ ਖਜਾਨਾ ਖਾਲੀ ਨਹੀਂ ਹੋਣ ਦੇਵੇਗੀ ।