ਕੈਨੇਡਾ ਦੇ ਜੰਗਲਾਂ ’ਚ ਲੱਗੀ ਤੋਂ ਦੁਖੀ ਕਿੰਗ ਚਾਰਲਸ

ਓਟਾਵਾ- ਕਿੰਗ ਚਾਰਲਸ III ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਬ੍ਰਿਟਿਸ਼ ਕੋਲੰਬੀਆ ਅਤੇ ਨਾਰਥ-ਵੈਸਟ ਟੈਰਟਰੀਜ਼ ਦੇ ਜੰਗਲਾਂ ’ਚ ਲੱਗੀ ਅੱਗ ਕਾਰਨ ਐਲਾਨੀ ਗਈ ਐਮਰਜੈਂਸੀ ਕਾਰਨ ਕਾਫ਼ੀ ਚਿੰਤਤ ਹਨ।
ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇੱਕ ਬਿਆਨ ’ਚ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਸਾਲ ਗਰਮੀਆਂ ਦਾ ਮੌਸਮ ਕੈਨੇਡੀਅਨ ਲੋਕਾਂ ਲਈ ਕਾਫ਼ੀ ਔਖਾ ਸੀ, ਜਿਸ ’ਚ ਭਿਆਨਕ ਹੜ੍ਹ, ਤਾਬਹਕਾਰੀ ਜੰਗਲਾਂ ਦੀ ਅੱਗ ਅਤੇ ਪੂਰੇ ਦੇਸ਼ ’ਚ ਹਵਾ ਦੀ ਗੁਣਵੱਤਾ ’ਚ ਗਿਰਾਵਟ ਦੇਖੀ ਗਈ।
ਰਾਜਾ ਚਾਰਲਸ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਉਨ੍ਹਾਂ ਲੋਕਾਂ ਲਈ ਡੂੰਘੀ ਹਮਦਰਦੀ ਪ੍ਰਗਟਾ ਰਹੇ ਹਨ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਲਿਆ ਅਤੇ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਨ, ਜਿਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ ਹਨ ਜਾਂ ਫਿਰ ਜਿਨ੍ਹਾਂ ਨੇ ਆਪਣੇ ਘਰਾਂ, ਕਾਰੋਬਾਰਾਂ ਜਾਂ ਜਾਇਦਾਦਾਂ ਨੂੰ ਗੁਆ ਲਿਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਫੈਡਰਲ ਸਰਕਾਰ ਨੂੰ ਇਹ ਸੁਣ ਕੇ ਕਾਫ਼ੀ ਰਾਹਤ ਮਿਲੀ ਹੈ ਕਿ ਬਿ੍ਰਟਿਸ਼ ਕੋਲੰਬੀਆ ਅਤੇ ਨਾਰਥ-ਵੈਸਟ ਟੈਰਟਰੀਜ਼ ’ਚ ਅੱਗ ਸ਼ਾਂਤ ਅਤੇ ਕਾਬੂ ਹੇਠ ਹੋ ਰਹੀ ਹੈ।
ਚਾਰਲੇਟਟਾਊਨ ’ਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਐਮਰਜੈਂਸੀ ਮੰਤਰੀ ਹਰਜੀਤ ਸਿੰਘ ਸੱਜਣ ਨੇ ਬ੍ਰਿਟਿਸ਼ ਕੋਲੰਬੀਆ ਤੋਂ ਸੋਮਵਾਰ ਨੂੰ ਇੱਕ ਬੈਠਕ ’ਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਲੋਕਾਂ ਲਈ ਉੱਥੇ ਮੌਜੂਦ ਰਹੇਗੀ। ਉਨ੍ਹਾਂ ਕਿਹਾ ਕਿ ਕੈਨੇਡੀਅਨ ਹਥਿਆਰਬੰਬ ਬਲਾਂ ਨੂੰ ਮੌਕੇ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਸਰਵਿਸ ਕੈਨੇਡਾ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਹੈ, ਜਿਨ੍ਹਾਂ ਨੂੰ ਅੱਗ ਕਾਰਨ ਆਪਣੇ ਘਰ ਛੱਡਣੇ ਪਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗ ਨੂੰ ਕਾਬੂ ਹੇਠ ਕਰਨ ਲਈ ਸਖ਼ਤ ਮਸ਼ੱਕਤ ਕਰ ਰਹੇ ਫਾਇਰਫਾਈਟਰਾਂ ਦੀ ਵੀ ਸ਼ਲਾਘਾ ਕੀਤੀ।