ਬੱਲੇਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਦੇ ਦਮ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਦਿੱਲੀ ਕੈਪੀਟਲਜ਼ ਨੂੰ 106 ਦੌੜਾਂ ਨਾਲ ਹਰਾਇਆ

ਬੱਲੇਬਾਜ਼ ਵਰੁਣ ਚੱਕਰਵਰਤੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਵੈਭਵ ਅਰੋੜਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐੱਲ 2024 ਦੇ ਮੈਚ ‘ਚ ਦਿੱਲੀ ਕੈਪੀਟਲਸ ਨੂੰ 106 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ। ਕੇਕੇਆਰ ਲਈ ਵੈਭਵ ਅਤੇ ਚੱਕਰਵਰਤੀ ਨੇ 3-3 ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੇ ਦੋ ਵਿਕਟਾਂ ਹਾਸਲ ਕੀਤੀਆਂ।

ਕੋਲਕਾਤਾ ਨਾਈਟ ਰਾਈਡਰਜ਼ ਨੇ ਸੁਨੀਲ ਨਾਰਾਇਣ, ਅੰਗਕ੍ਰਿਸ਼ ਰਘੂਵੰਸ਼ੀ ਅਤੇ ਰਿੰਕੂ ਸਿੰਘ ਦੀਆਂ ਧਮਾਕੇਦਾਰ ਪਾਰੀਆਂ ਦੀ ਮਦਦ ਨਾਲ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 272 ਦੌੜਾਂ ਬਣਾਈਆਂ, ਜੋ ਕਿ ਆਈਪੀਐੱਲ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ।

ਕੇਕੇਆਰ ਲਈ ਸਲਾਮੀ ਬੱਲੇਬਾਜ਼ ਨਰਾਇਣ ਨੇ ਸਭ ਤੋਂ ਵੱਧ 85 (39) ਦਾ ਸਕੋਰ ਬਣਾਇਆ। ਉਥੇ ਹੀ ਇਸ ਸੀਜ਼ਨ ‘ਚ ਆਈਪੀਐੱਲ ‘ਚ ਡੈਬਿਊ ਕਰ ਰਹੇ ਰਘੂਵੰਸ਼ੀ ਨੇ 27 ਗੇਂਦਾਂ ‘ਚ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ 8 ਗੇਂਦਾਂ ‘ਤੇ 26 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਦੌਰਾਨ ਉਸ ਨੇ ਇਕ ਚੌਕਾ ਤੇ ਤਿੰਨ ਛੱਕੇ ਲਾਏ।

ਕੋਲਕਾਤਾ ਵੱਲੋਂ ਦਿੱਤੇ 273 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਟੀਮ ਨੇ ਸਿਰਫ਼ 33 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਡੇਵਿਡ ਵਾਰਨਰ (18), ਪ੍ਰਿਥਵੀ ਸ਼ਾਅ (10), ਮਿਸ਼ੇਲ ਮਾਰਸ਼ (0) ਅਤੇ ਅਭਿਸ਼ੇਕ ਪੋਰੇਲ (0) ਸਸਤੇ ‘ਚ ਆਊਟ ਹੋਏ।

ਕਪਤਾਨ ਰਿਸ਼ਭ ਪੰਤ ਨੇ ਟ੍ਰਿਸਟਨ ਸਟੱਬਸ ਦੇ ਨਾਲ ਮਿਲ ਕੇ ਪੰਜਵੇਂ ਓਵਰ ਵਿੱਚ 93 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਦੀ ਉਮੀਦ ਜਗਾਈ ਸੀ ਪਰ ਇਹ ਉਮੀਦ ਵੀ ਪੰਤ ਦੇ 13ਵੇਂ ਓਵਰ ਵਿੱਚ ਵਰੁਣ ਚੱਕਰਵਰਤੀ ਦੇ ਖਿਲਾਫ ਆਊਟ ਹੋਣ ਨਾਲ ਖਤਮ ਹੋ ਗਈ। ਪੰਤ ਦੇ ਆਊਟ ਹੋਣ ਤੋਂ ਬਾਅਦ ਸਟੱਬਸ ਵੀ 15ਵੇਂ ਓਵਰ ‘ਚ ਚੱਕਰਵਰਤੀ ਦਾ ਸ਼ਿਕਾਰ ਬਣੇ ਅਤੇ ਪੂਰੀ ਟੀਮ 166 ਦੌੜਾਂ ‘ਤੇ ਢੇਰ ਹੋ ਗਈ। ਕੋਲਕਾਤਾ ਨੇ ਇਹ ਮੈਚ 106 ਦੌੜਾਂ ਨਾਲ ਜਿੱਤ ਲਿਆ।