ਕੁਲਗਾਮ ਤੋਂ ਲਾਪਤਾ ਭਾਰਤੀ ਫੌਜ ਦਾ ਜਵਾਨ 5 ਦਿਨਾਂ ਬਾਅਦ ਕਸ਼ਮੀਰ ਤੋਂ ਮਿਲਿਆ

ਡੈਸਕ- ਪਿਛਲੇ ਹਫਤੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਲਾਪਤਾ ਹੋਇਆ ਫੌਜ ਦਾ ਇਕ ਜਵਾਨ ਮਿਲ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਲੱਦਾਖ ਵਿਚ ਤਾਇਨਾਤ ਜਾਵੇਦ ਅਹਿਮਦ ਵਾਨੀ ਸ਼ਨੀਵਾਰ ਨੂੰ ਕੁਲਗਾਮ ਜ਼ਿਲ੍ਹੇ ਤੋਂ ਉਸ ਸਮੇਂ ਲਾਪਤਾ ਹੋਇਆ ਸੀ ਜਦੋਂ ਉਹ ਛੁੱਟੀ ਲੈ ਕੇ ਆਪਣੇ ਘਰ ਆਇਆ ਸੀ। ਪੁਲਿਸ ਨੇ ਉਸ ਨੂੰ ਲੱਭਣ ਲਈ 5 ਦਿਨਾਂ ਤੱਕ ਸਰਚ ਆਪ੍ਰੇਸ਼ਨ ਚਲਾਇਆ।

ਕਸ਼ਮੀਰ ਦੇ ਵਧੀਕ ਪੁਲਿਸ ਡਾਇਰੈਕਟਰ ਵਿਜੇ ਕੁਮਾਰ ਨੇ ਟਵੀਟ ਵਿਚ ਕਿਹਾ ਕਿ ਲਾਪਤਾ ਫੌਜ ਦੇ ਜਵਾਨ ਨੂੰ ਕੁਲਗਾਮ ਪੁਲਿਸ ਨੇ ਬਰਾਮਦ ਕਰ ਲਿਆ ਹੈ। ਮੈਡੀਕਲ ਜਾਂਚ ਦੇ ਤੁਰੰਤ ਬਾਅਦ ਪੁੱਛਗਿਛ ਸ਼ੁਰੂ ਹੋਵੇਗੀ। ਹਾਲਾਂਕਿ ਪੁਲਿਸ ਨੇ ਪਹਿਲਾਂ ਵਾਨੀ ਦੇ ਲਾਪਤਾ ਹੋਣ ਦੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਸੀ ਪਰ ਖਦਸ਼ਾ ਸੀ ਕਿ ਅੱਤਵਾਦੀਆਂ ਨੇ ਉਨ੍ਹਾਂ ਦਾ ਅਗਵਾ ਕਰ ਲਿਆ ਹੋਵੇਗਾ।

25 ਸਾਲਾ ਜਾਵੇਦ ਅਹਿਮਦ ਵਾਨੀ ਕੁਲਗਾਮ ਦੇ ਅਸ਼ਥਲ ਦਾ ਰਹਿਣ ਵਾਲਾ ਹੈ। ਉਸ ਦੀ ਪੋਸਟਿੰਗ ਲੇਹ (ਲੱਦਾਖ) ਵਿਚ ਹੋਈ ਸੀ। ਉਹ ਉਥੋਂ ਛੁੱਟੀ ਲੈ ਕੇ ਆਪਣੇ ਘਰ ਕੁਲਗਾਮ ਆਏ ਹੋਏ ਸਨ। ਪਿਛਲੇ ਸ਼ਨੀਵਾਰ ਰਾਤ ਲਗਭਗ 8 ਵਜੇ ਉਹ ਆਪਣੀ ਆਲਟੋ ਕਾਰ ਤੋਂ ਖਾਣ-ਪੀਣ ਦਾ ਸਮਾਨ ਲੈ ਕੇ ਚਾਵਲਗਾਮ ਵੱਲ ਨਿਕਲੇ ਸਨ ਪਰ ਜਦੋਂ ਘਰ ਆਉਣ ਵਿਚ ਦੇਰੀ ਹੋਣ ਲੱਗੀ ਤਾਂ ਪਰਿਵਾਰ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ।

ਤਲਾਸ਼ੀ ਦੌਰਾਨ ਉਨ੍ਹਾਂ ਦੀ ਆਲਟੋ ਕਾਰ ਖੁੱਲ੍ਹੀ ਹੋਈ ਬਰਾਮਦ ਹੋਈ। ਕਾਰ ਤੋਂ ਵਾਨੀ ਦੀਆਂ ਚੱਪਲਾਂ ਤੇ ਖੂਨ ਦੇ ਨਿਸ਼ਾਨ ਮਿਲੇ ਜਿਸ ਨੂੰ ਦੇਖ ਕੇ ਪਰਿਵਾਰ ਨੇ ਅੱਤਵਾਦੀਆਂ ਵੱਲੋਂ ਅਗਵਾ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਦੇ ਬਾਅਦ ਵਾਨੀ ਦੀ ਭਾਲ ਹੋਰ ਤੇਜ਼ ਕਰ ਦਿੱਤੀ ਗਈ। ਭਾਲ ਲਈ ਫੌਜ ਤੇ ਪੁਲਿਸ ਨੇ ਵੱਡੇ ਪੈਮਾਨੇ ‘ਤੇ ਤਲਾਸ਼ੀ ਮੁਹਿੰਮ ਚਲਾਈ। ਹੁਣ ਵਾਨੀ ਮਿਲ ਗਿਆ ਹੈ, ਉਨ੍ਹਾਂ ਦੇ ਮਿਲਣ ਦੇ ਬਾਅਦ ਸੁਰੱਖਿਆ ਮੁਲਾਜ਼ਮਾਂ ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ।