ਮੈਡਮ ਸਿੱਧੂ ਨੇ ਕੈਂਸਰ ਨੂੰ ਦਿੱਤੀ ਮਾਤ, ਸਾਂਝੀ ਕੀਤੀ ‘ਮਨ ਕੀ ਬਾਤ’

ਡੈਸਕ- ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕੈਂਸਰ ਨੂੰ ਹਰਾ ਦਿੱਤਾ ਹੈ। ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿਟਰ) ‘ਤੇ ਇਕ ਪੋਸਟ ਰਾਹੀਂ ਆਪਣੇ ਕੈਂਸਰ ਮੁਕਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਛਾਤੀ ਵਿਚ ਸਟੇਜ 2 ਦਾ ਕੈਂਸਰ ਸੀ। ਆਪਣੀ ਪਤਨੀ ਨੂੰ ਕੈਂਸਰ ਹੋਣ ਤੋਂ ਬਾਅਦ, ਸਿੱਧੂ ਲਗਾਤਾਰ ਉਨ੍ਹਾਂ ਨੂੰ ਸਮਾਂ ਦੇ ਰਹੇ ਸਨ ਅਤੇ ਦੇਖਭਾਲ ਕਰ ਰਹੇ ਸਨ।

ਕੈਂਸਰ ਮੁਕਤ ਹੋਣ ਦੀ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰਸ ਨਵਜੋਤ ਕੌਰ ਨੂੰ ਉਨ੍ਹਾਂ ਦੇ ਲੜਨ ਦੇ ਜਜ਼ਬੇ ਲਈ ਵਧਾਈ ਦੇ ਰਹੇ ਹਨ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਵੀ ਸਿਆਸਤ ਵਿਚ ਕਾਫ਼ੀ ਸਰਗਰਮ ਰਹਿੰਦੇ ਹਨ ਤੇ ਉਹ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ।

ਡਾ.ਨਵਜੋਤ ਕੌਰ ਸਿੱਧੂ ਨੇ ਲਿਖਿਆ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪੀ.ਈ.ਟੀ. ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ। ਇਸ ਨਾਲ ਮੇਰੇ ਪੂਰੇ ਸਰੀਰ ਦਾ ਅੰਗ ਦਾਨ ਸੰਭਵ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਵੀ ਆਪਣੇ ਵਾਲ ਦਾਨ ਕਰਨ ਦੇ ਯੋਗ ਹੋ ਗਈ ਹਾਂ। ਆਓ ਲੱਕੜ ਬਚਾਉਣ ਲਈ ਇਲੈਕਟ੍ਰਿਕ ਅੰਤਿਮ ਸੰਸਕਾਰ ਨੂੰ ਹਾਂ ਕਹੀਏ। ਲੋਕ ਕੋਰੋਨਾ ਵਿਚ ਲਾਸ਼ਾਂ ਨੂੰ ਨਕਾਰਦੇ ਦੇਖੇ ਗਏ ਸਨ।