ਸ਼ਰਾਬ ਦੇ ਪੈਸੇ ਨਾਲ ਹਿਮਾਚਲ ਅਤੇ ਗੁਜਰਾਤ ਦੀ ਚੋਣ ਲੜੇਗੀ ‘ਆਪ’- ਮਜੀਠੀਆ

ਅੰਮ੍ਰਿਤਸਰ- ਪੰਜਾਬ ਚ ਪਿਛਲੇ ਕੁੱਝ ਸਾਲਾਂ ਤੋਂ ਧਾਂਰਮਿਕ ਥਾਵਾਂ ‘ਤੇ ਹੋ ਰਹੇ ਹਮਲੇ ਅਤੇ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਵੇਖਦਿਆਂ ਹੋਇਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਇਨ੍ਹਾਂ ਥਾਂਵਾਂ ‘ਤੇ ਸੁਰੱਖਿਆ ਕਰੜੀ ਕਰਨੀ ਚਾਹੀਦੀ ਹੈ । ਤਰਨਤਾਰਨ ‘ਚ ਇਸਾਈ ਭਗਵਾਨਾਂ ਦੀ ਮੂਰਤੀਆਂ ਨਾਲ ਭੰਨਤੋੜ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਹੈ ।ਆਮ ਅਆਦਮੀ ਪਾਰਟੀ ਦੀ ਸਰਕਾਰ ਨੂੰ ਅਜਿਹੀਆਂ ਹਰਕਤਾਂ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ । ਇਹ ਕਹਿਣਾ ਹੈ ਅਕਾਲੀ ਨੇਤਾ ਬਿਕਰਮ ਮਜੀਠੀਆ ਦਾ ਜੋਕਿ ਅੰਮ੍ਰਿਤਸਰ ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।

ਅਕਾਲੀ ਦਲ ਚ ਇੱਕ ਪਰਿਵਾਰ ਇੱਕ ਟਿਕਟ ਦੇ ਫਾਰਮੁਲੇ ਨੂੰ ਮਜੀਠੀਆ ਨੂੰ ਸਮਰਥਨ ਦਿੱਤਾ ਹੈ । ਉਨ੍ਹਾਂ ਕਿਹਾ ਇਸ ਵਾਰ ਚੋਣਾਂ ਚ ਅਕਾਲੀਆਂ ਪਰਿਵਾਰਾਂ ਨੂੰ ਭਾਜਪਾ ਨਾਲ ਵਿਛੋੜੇ ਕਾਰਨ ਟਿਕਟਾਂ ਦਿੱਤੀਆਂ ਗਈਆਂ ਸਨ । ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ ।ਉਨ੍ਹਾਂ ਨਾਲ ਹੀ ਇਸ ਗੱਲ ‘ਤੇ ਵੀ ਹਾਮੀ ਭਰੀ ਕਿ ਪਾਰਟੀ ਪ੍ਰਧਾਨ ਦਾ ਕਾਰਜਕਾਲ ਮਿੱਥੇ ਸਮੇਂ ਲਈ ਹੀ ਹੋਣਾ ਚਾਹੀਦਾ ਹੈ । ਅਕਾਲੀ ਦਲ ‘ਤੇ ਪਰਿਵਾਰਵਾਦ ਦੇ ਇਲਜ਼ਾਮਾਂ ‘ਤੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਚੋਣ ਬੇਹਦ ਪਾਰਦਰਸ਼ੀ ਤਰੀਕੇ ਨਾਲ ਕੀਤੀ ਗਈ ਹੈ । ਅਤੇ ਅੱਗੇ ਤੋਂ ਵੀ ਪ੍ਰਧਾਨ ਦੀ ਚੋਣ ਨਿਰਪੱਖ ਤਰੀਕੇ ਨਾਲ ਕੀਤੀ ਜਾਵੇਗੀ ।

ਭਗਵੰਤ ਮਾਨ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆ ਬਿਕਰਮ ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਐਕਟਰਾਂ ਵਲੋਂ ਹੀ ਪੰਜਾਬ ਦੀ ਐਕਸਾਈਜ਼ ਪਾਲਸੀ ਦੀ ਸਕ੍ਰਿਪਟ ਲਿਖੀ ਗਈ ।ਇਸ ਲਈ ਜੇ ਇਸਦਾ ਦਿੱਲੀ ਚ ਵਿਰੋਧ ਹੋ ਰਿਹਾ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪੰਜਾਬ ਚ ਵੀ ਗੜਬੜੀ ਕੀਤੀ ਗਈ ਹੈ । ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਸ਼ਰਾਬ ਤੋਂ ਕਮਾਈ ਕਰਕੇ ਇਸਦਾ ਪੈਸਾ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾ ਚ ਲਗਾਉਣਾ ਚਾਹੁੰਦੇ ਹਨ ।ਮਜੀਠੀਆ ਮੁਤਾਬਿਕ ਕੇਜਰੀਵਾਲ ਨੇ ਆਮ ਜਨਤਾ ਨੂੰ ਸਹੂਲਤਾਂ ਦੇਣ ਦੀ ਥਾਂ ਆਪਣੀ ਜੇਬ੍ਹ ਭਰੀ ਹੈ ।