ਮਾਨ-ਖੱਟੜ ‘ਚ ਨਹੀਂ ਬਣੀ ਸਹਿਮਤੀ, ਐੱਸ.ਵਾਈ.ਐੱਲ ਬੈਠਕ ਰਹੀ ਬੇਸਿੱਟਾ

ਚੰਡੀਗੜ੍ਹ : SYL ਵਿਵਾਦ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਖ਼ਤਮ ਹੋ ਗਈ ਹੈ। ਮੀਟਿੰਗ ‘ਚ ਦੋਵਾਂ ਸੂਬਿਆਂ ਦੇ ਅਧਿਕਾਰੀਆਂ ਦੀਆਂ ਟੀਮਾਂ ਵੀ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਠਕ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਦੇ ਕੋਲ ਪਹਿਲਾਂ ਤੋਂ ਹੀ ਪਾਣੀ ਦੀ ਘਾਟ ਹੈ । ਜੇਕਰ ਹਰਿਆਣਾ ਨੂੰ ਪਾਣੀ ਚਾਹੀਦਾ ਹੈ ਤਾਂ ਕੇਂਦਰ ਸਰਕਾਰ ਕੋਈ ਹੋਰ ਉਪਰਾਲਾ ਕਰੇ ।ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੇ ਪੰਜਾਬ ਨੂੰ ਨਹਿਰ ਬਨਾਉਣ ਲਈ ਆਖਿਆ ਹੈ । ਹਾਲਾਂਕਿ ਹਰਿਆਣਾ ਦੇ ਸੀਐੱਮ ਮਨਹੋਰ ਲਾਲ ਖੱਟੜ ਨੇ ਕਿਹਾ ਕਿ SYL ਮੁੱਦੇ ‘ਤੇ ਸਹਿਮਤੀ ਨਹੀਂ ਬਣੀ। ਇਹ ਮੀਟਿੰਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਹੋਈ। ਇਸ ਮੀਟਿੰਗ ਨੂੰ ਵਿਵਾਦ ਸੁਲਝਾਉਣ ਦੀ ਦਿਸ਼ਾ ਵਿੱਚ ਹਾਂ-ਪੱਖੀ ਕਦਮ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਪੰਜਾਬ ਰਾਵੀ-ਬਿਆਸ ਦਰਿਆ ਦੇ ਪਾਣੀ ਦੀ ਸਮੱਗਰੀ ਦਾ ਮੁੜ ਮੁਲਾਂਕਣ ਕਰਨ ਦੀ ਮੰਗ ਕਰ ਰਿਹਾ ਹੈ, ਜਦਕਿ ਹਰਿਆਣਾ ਐਸਵਾਈਐਲ ਨਹਿਰ ਦੀ ਉਸਾਰੀ ਨੂੰ ਪੂਰਾ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਸ ਦੇ ਹਿੱਸੇ ਦਾ 3.5 ਮਿਲੀਅਨ ਏਕੜ ਫੁੱਟ ਪਾਣੀ ਮਿਲ ਸਕੇ। ਐਸਵਾਈਐਲ ਮਾਮਲੇ ‘ਚ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ ‘ਚ ਫੈਸਲਾ ਸੁਣਾਇਆ ਸੀ ਤੇ ਫੈਸਲੇ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਵਿਚੋਲਗੀ ਦੀ ਜ਼ਿੰਮੇਵਾਰੀ ਸੌਂਪੀ ਸੀ।