ਕੈਨੇਡਾ ਵਿੱਚ ਅੱਜ-ਕੱਲ੍ਹ ਕਈ ਨੌਜਵਾਨ ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਮੁੜ ਵਿਚਾਰ ਕਰ ਰਹੇ ਹਨ। ਇਸੇ ਦੌਰਾਨ ਕੈਲਗਰੀ ਦੇ ਇੱਕ 17 ਸਾਲਾ ਨੌਜਵਾਨ ਜੈਰੇਟ ਗ੍ਰਾਸ ਨੇ ਇੱਕ ਵਿਲੱਖਣ ਕਦਮ ਚੁੱਕਿਆ। ਜੈਰੇਟ ਨੇ ਘੰਟਿਆਂ ਬੱਧੀ ਸੋਸ਼ਲ ਮੀਡੀਆ ਸਕ੍ਰੋਲ ਕਰਨ ਤੋਂ ਬਾਅਦ ਮਹਿਸੂਸ ਕੀਤਾ ਕਿ ਉਹ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ ਅਤੇ ਚਾਹ ਕੇ ਵੀ ਇਸ ਆਦਤ ਨੂੰ ਛੱਡ ਨਹੀਂ ਪਾ ਰਿਹਾ। ਇਸ ਤੋਂ ਬਾਅਦ, ਪਿਛਲੇ ਸਾਲ ਅਕਤੂਬਰ ਵਿੱਚ ਉਸਨੇ ਆਪਣੇ ਸਮਾਰਟਫੋਨ ਦੀ ਜਗ੍ਹਾ ਇੱਕ ਸਾਧਾਰਨ ਕੀਪੈਡ ਵਾਲਾ ਫੋਨ ਵਰਤਣਾ ਸ਼ੁਰੂ ਕਰ ਦਿੱਤਾ। ਜਦੋਂ ਜੈਰੇਟ ਨੂੰ ਆਪਣੀ ਮਾਨਸਿਕ ਸਿਹਤ ਵਿੱਚ ਸੁਧਾਰ ਮਹਿਸੂਸ ਹੋਇਆ, ਤਾਂ ਉਹ ਇਸ ਬਦਲਾਅ ਨੂੰ ਵਿਗਿਆਨਕ ਤੌਰ ‘ਤੇ ਪਰਖਣਾ ਚਾਹੁੰਦਾ ਸੀ। ਉਸਨੇ ਮਨੋਵਿਗਿਆਨੀ ਡਾ. ਬਲੇਕ ਆਸਮਸ ਨਾਲ ਮਿਲ ਕੇ ਆਪਣੇ ਕੁਝ ਦੋਸਤਾਂ ‘ਤੇ ਇੱਕ ਅਧਿਐਨ ਕੀਤਾ। ਇਹਨਾਂ ਦੋਸਤਾਂ ਨੇ ਦੋ ਮਹੀਨਿਆਂ ਲਈ ਸਮਾਰਟਫੋਨ ਛੱਡ ਕੇ ਫਲਿੱਪ ਫੋਨ ਦੀ ਵਰਤੋਂ ਕੀਤੀ। ਡਾ. ਆਸਮਸ ਨੇ ਇਸ ਦੌਰਾਨ ਉਨ੍ਹਾਂ ਦੇ ਬ੍ਰੇਨ ਸਕੈਨ ਕੀਤੇ। ਨਤੀਜਿਆਂ ਵਿੱਚ ਦੇਖਿਆ ਗਿਆ ਕਿ ਸਮਾਰਟਫੋਨ ਛੱਡਦਿਆਂ ਹੀ ਨੌਜਵਾਨਾਂ ਵਿੱਚ ਡਿਪ੍ਰੈਸ਼ਨ, ਤਣਾਅ ਅਤੇ ਚਿੰਤਾ ਦਾ ਪੱਧਰ ਤੁਰੰਤ ਘਟ ਗਿਆ। ਪਰ, ਜਿਵੇਂ ਹੀ ਉਨ੍ਹਾਂ ਨੂੰ ਸਮਾਰਟਫੋਨ ਵਾਪਸ ਦਿੱਤੇ ਗਏ, ਇਹ ਸਮੱਸਿਆਵਾਂ ਦੁਬਾਰਾ ਵਧ ਗਈਆਂ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਮਾਰਟਫੋਨ ਦੀ ਵਰਤੋਂ ਨਾਲ ਦਿਮਾਗ ਦੇ ਫਰੰਟਲ ਲੋਬ ਵਿੱਚ ‘ਅਲਫ਼ਾ ਬ੍ਰੇਨ ਵੇਵਜ਼’ ਘਟ ਜਾਂਦੀਆਂ ਹਨ, ਜੋ ਕਿ ਦਿਮਾਗੀ ਧੁੰਦਲਾਪਨ ਪੈਦਾ ਕਰਦੀਆਂ ਹਨ।

ਭਾਵੇਂ ਜ਼ਿਆਦਾਤਰ ਨੌਜਵਾਨ ਬਾਅਦ ਵਿੱਚ ਸਮਾਰਟਫੋਨ ‘ਤੇ ਵਾਪਸ ਆ ਗਏ, ਪਰ ਇਸ ਤਜ਼ਰਬੇ ਨੇ ਉਨ੍ਹਾਂ ਦੀਆਂ ਆਦਤਾਂ ਬਦਲ ਦਿੱਤੀਆਂ। ਕਈਆਂ ਨੇ ਦੋਸਤਾਂ ਨਾਲ ਗੱਲ ਕਰਨ ਦੀ ਬਜਾਏ ਫੋਨ ‘ਤੇ ਵੀਡੀਓ ਗੇਮਾਂ ਖੇਡਣਾ ਬੰਦ ਕਰ ਦਿੱਤਾ। ਜੈਰੇਟ ਅਜੇ ਵੀ ਫਲਿੱਪ ਫੋਨ ਦੀ ਵਰਤੋਂ ਹੀ ਕਰ ਰਿਹਾ ਹੈ ਅਤੇ ਉਸਦਾ ਮੰਨਣਾ ਹੈ ਕਿ ਇਸ ਨਾਲ ਜ਼ਿੰਦਗੀ ਬਿਹਤਰ ਹੋ ਗਈ ਹੈ। ਬਦਲਦੇ ਦੌਰ ਵਿੱਚ ਹੁਣ ਮਾਰਕੀਟ ਵਿੱਚ ਵੀ ਫਲਿੱਪ ਫੋਨਾਂ ਦੀ ਮੰਗ ਵਧ ਰਹੀ ਹੈ। ਫੋਨਾਂ ਦਾ ਵਪਾਰ ਕਰਨ ਵਾਲੇ ਜੈਰੀ ਏਡੇਹ ਅਨੁਸਾਰ, ਪਹਿਲਾਂ ਫਲਿੱਪ ਫੋਨ ਸਿਰਫ਼ ਬਜ਼ੁਰਗ ਖਰੀਦਦੇ ਸਨ, ਪਰ ਹੁਣ ਨੌਜਵਾਨ ਪੀੜ੍ਹੀ ਅਤੇ ਮਾਪੇ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਇਹ ਫੋਨ ਖਰੀਦ ਰਹੇ ਹਨ। ਜੈਰੇਟ ਨੂੰ ਉਮੀਦ ਹੈ ਕਿ ਉਸਦਾ ਇਹ ਫੈਸਲਾ ਦੂਜਿਆਂ ਨੂੰ ਵੀ ਆਪਣੇ ਸਕ੍ਰੀਨ ਟਾਈਮ ਨੂੰ ਘਟਾਉਣ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਲਈ ਪ੍ਰੇਰਿਤ ਕਰੇਗਾ।





