ਮਿਸੀਸਾਗਾ ਦੀ ਮਸਜਿਦ ’ਚ ਹਮਲਾ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ 8 ਸਾਲ ਦੀ ਸਜ਼ਾ

Toronto- ਬੀਤੇ ਸਾਲ ਓਨਟਾਰੀਓ ਦੇ ਮਿਸੀਸਾਗਾ ’ਚ ਇੱਕ ਮਸਜਿਦ ਦੇ ਅੰਦਰ ਨਮਾਜ਼ੀਆਂ ’ਤੇ ਬੀਅਰ ਸਪੇਅ ਛਿੜਕਣ ਅਤੇ ਕੁਹਾੜੀ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਅੱਠ ਸਾਲ ਦੀ ਸਜ਼ਾ ਸੁਣਾਈ ਹੈ। ਜਸਟਿਸ ਬਰੂਸ ਦੁਰਨੋ ਨੇ ਅੱਜ ਬਰੈਂਪਟਨ ’ਚ ਓਨਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ’ਚ ਸੁਣਵਾਈ ਦੌਰਾਨ ਇਹ ਫ਼ੈਸਲਾ ਸੁਣਾਇਆ। ਦੱਸ ਦਈਏ ਕਿ ਮੁਹੰਮਦ ਮੋਈਜ਼ ਉਮਰ ਨੇ 19 ਮਾਰਚ, 2022 ਨੂੰ ਸਵੇਰ ਦੀ ਨਮਾਜ਼ ਦੌਰਾਨ ਦਾਰ ਅਲ-ਤੌਹੀਦ ਇਸਲਾਮਿਕ ਸੈਂਟਰ ’ਚ ਦਾਖ਼ਲ ਹੋ ਕੇ ਕੁਹਾੜੀ ਘੁੰਮਾਦਿਆਂ ਨਮਾਜ਼ੀਆਂ ’ਤੇ ਬੀਅਰ ਸਪਰੇਅ ਛਿੜਕ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਉਸ ’ਤੇ ਮੁਕੱਦਮਾ ਚੱਲ ਰਿਹਾ ਸੀ। ਉਸ ਉੱਪਰ ਜਾਨੀ ਨੁਕਸਾਨ ਪਹੁੰਚਾਉਣ ਦੇ ਇਰਾਦੇ ਸਮੇਤ ਤਿੰਨ ਦੋਸ਼ ਆਇਦ ਕੀਤੇ ਗਏ ਸਨ।