ਮੁੱਖ ਮੰਤਰੀ ਦੀ ਆਸ ਵਾਲੇ ਸਿੱਧੂ ਜੇਲ੍ਹ ‘ਚ ਬਣੇ ‘ਕਲਰਕ’

ਪਟਿਆਲਾ- 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕ੍ਰਿਕਟਰ, ਕਮੈਂਟੇਟਰ ਤੇ ਸਿਆਸਤਦਾਨ ਮਗਰੋਂ ਹੁਣ ਕਲਕਰ ਬਣ ਗਏ ਹਨ। ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਦਫ਼ਤਰ ਦਾ ਕਲਰਕ ਦਾ ਕੰਮ ਸੌਂਪਿਆ ਗਿਆ ਹੈ। ਇਹ ਫੈਸਲਾ ਸਿੱਧੂ ਲਈ ਜੇਲ੍ਹ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ ਤੇ ਜੇਲ੍ਹ ਵਿਭਾਗ ਵੱਲੋਂ ਸਿੱਧੂ ਦੀ ਪੂਰੀ ਸਜ਼ਾ ਦੌਰਾਨ ਉਨ੍ਹਾਂ ਨੂੰ ਕਲੈਰੀਕਲ ਕੰਮ ਹੀ ਦੇ ਕੇ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਸਿੱਧੂ ਦੀ ਸੁਰੱਖਿਆ ਤੇ ਉਨ੍ਹਾਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇੱਧਰ-ਉੱਧਰ ਜਾਣ ਵਾਲਾ ਕੰਮ ਨਾ ਦੇ ਕੇ ਦਫਤਰ ਦਾ ਕੰਮ ਸੌਂਪਿਆ ਗਿਆ ਹੈ ਜੋ ਉਹ ਆਪਣੇ ਹੀ ਬੈਰਕ ‘ਚ ਬੈਠ ਕੇ ਕਰਨਗੇ। ਇੰਨਾ ਹੀ ਨਹੀਂ ਸਿੱਧੂ ਨੂੰ ਜੇਲ੍ਹ ਤੋਂ ਦਫਤਰ ਤੱਕ ਵੀ ਜਾਣ ਦੀ ਲੋੜ ਨਹੀਂ ਹੋਵੇਗੀ ਬਲਕਿ ਸਿੱਧੂ ਦੀ ਬੈਰਕ ‘ਚ ਹੀ ਉਨ੍ਹਾਂ ਨੂੰ ਕੰਮ ਲਈ ਫਾਈਲਾਂ ਟ੍ਰਾਂਸਫਰ ਕਰ ਦਿੱਤੀਆਂ ਜਾਣਗੀਆਂ। ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਿੱਧੂ ਕਿਸੇ ਸਮੇਂ ਵੀ ਇਹ ਫਾਈਲਾਂ ਚੈੱਕ ਕਰ ਸਕਦੇ ਹਨ ਤੇ ਆਪਣੀ ਸੁਵਿਧਾ ਅਨੁਸਾਰ ਆਰਾਮ ਵੀ ਕਰ ਸਕਦੇ ਹਨ।