ਨਿਊਯਾਰਕ ਪੁਲਿਸ ਨੇ ਡੇਕੇਅਰ ’ਚੋਂ ਵੱਡੀ ਮਾਤਰਾ ’ਚ ਬਰਾਮਦ ਕੀਤੇ ਨਸ਼ੀਲੇ ਪਦਾਰਥ

New York- ਨਿਊਯਾਰਕ ਪੁਲਿਸ ਨੇ ਇੱਕ ਡੇਕੇਅਰ ’ਚੋਂ ਵੱਡੀ ਮਾਤਰਾ ’ਚ ਫੈਂਟਾਨਿਲ ਅਤੇ ਹੋਰ ਨਸ਼ੀਲੇ ਬਰਾਮਦ ਕੀਤੇ ਹਨ, ਜਿੱਥੇ ਕਿ ਫੈਂਟਾਨਿਲ ਦੇ ਕਾਰਨ ਇੱਕ ਸਾਲ ਦੇ ਲੜਕੇ ਦੀ ਮੌਤ ਹੋ ਗਈ ਸੀ। ਨਿਊਯਾਰਕ ਸਿਟੀ ਪੁਲਿਸ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ’ਚ ਭੂਰੇ ਅਤੇ ਚਿੱਟੇ ਪਾਊਡਰਾਂ ਨਾਲ ਭਰੇ ਇੱਕ ਦਰਜਨ ਤੋਂ ਵੱਧ ਪਲਾਸਟਿਕ ਦੇ ਬੈਗ ਦਿਖਾਈ ਦੇ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਇਸੇ ਡੇਕੇਅਰ ’ਚ ਨਰਸਰੀ ’ਚ ਪੜ੍ਹਨ ਵਾਲੇ ਇੱਕ ਸਾਲ ਦੇ ਬੱਚੇ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਨਿਕੋਲਸ ਡੋਮਿਨਿਸੀ ਉਕਤ ਬੱਚਾ ਇੱਕ ਹਫ਼ਤਾ ਪਹਿਲਾਂ ਹੀ ਨਰਸਰੀ ਕਲਾਸ ’ਚ ਦਾਖ਼ਲ ਹੋਇਆ ਸੀ। ਉੱਥੇ ਹੀ ਤਿੰਨ ਹੋਰ ਬੱਚਿਆਂ ਨੂੰ ਓਵਰਡੋਜ਼ ਦੇ ਚੱਲਦਿਆਂ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਫੈਂਟਾਨਿਲ ਨੂੰ ਬੱਚਿਆਂ ਦੇ ਸੌਣ ਵਾਲੇ ਕਮਰੇ ’ਚ ਇੱਕ ਚੱਟਾਈ ਦੇ ਹੇਠਾਂ ਛੁਪਾਇਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਅੱਠ ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਦੀ ਉਮਰ ਵਾਲੇ ਇਨ੍ਹਾਂ ਚਾਰਾਂ ਬੱਚਿਆਂ ਨੇ ਨਰਸਰੀ ’ਚ ਫੈਂਟਾਨਿਲ ਨੂੰ ਸੁੰਘ ਲਿਆ ਸੀ। ਇਸ ਦੇ ਚੱਲਦਿਆਂ ਨਿਕੋਲਸ ਡੋਮਿਨਿਸੀ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਸੰਘੀ ਵਕੀਲਾਂ ਦਾ ਕਹਿਣਾ ਹੈ ਕਿ ਨਰਸਰੀ ਦੇ ਮਾਲਕ ਗ੍ਰੇਈ ਮੇਂਡੇਜ਼ ਅਤੇ ਉਸਦੇ ਕਿਰਾਏਦਾਰ ਕਾਰਲਿਸਟੋ ਐਸੇਵੇਡੋ ਬ੍ਰਿਟੋ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨਹਟਨ ਯੂ. ਐੱਸ. ਅਟਾਰਨੀ ਡੈਮੀਅਨ ਵਿਲੀਅਮਜ਼ ਨੇ ਮੰਗਲਵਾਰ ਨੂੰ ਕਿਹਾ, ‘‘ਅਸੀਂ ਦੋਸ਼ ਲਗਾਉਂਦੇ ਹਾਂ ਕਿ ਬਚਾਓ ਪੱਖਾਂ ਨੇ ਚਾਰ ਬੱਚਿਆਂ ਨੂੰ ਜ਼ਹਿਰ ਦਿੱਤਾ, ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਮਾਰ ਦਿੱਤਾ, ਕਿਉਂਕਿ ਉਹ ਇੱਕ ਡੇ-ਕੇਅਰ ਸੈਂਟਰ ਤੋਂ ਡਰੱਗ ਆਪਰੇਸ਼ਨ ਚਲਾ ਰਹੇ ਸਨ।’’