ਅਮਰੀਕਾ ’ਚ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਇੱਕ ਬੱਚੇ ਦੀ ਮੌਤ ਤੇ ਕਈ ਹੋਰ ਜ਼ਖ਼ਮੀ

Ohio- ਅਮਰੀਕਾ ਦੇ ਓਹੀਓ ’ਚ ਅੱਜ ਵਿਦਿਆਰਥੀਆਂ ਨਾਲ ਭਰੀ ਇੱਕ ਸਕੂਲ ਬੱਸ ਇੱਕ ਮਿੰਨੀ ਵੈਨ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਹਾਦਸੇ ’ਚ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ। ਓਹੀਓ ਸਟੇਟ ਹਾਈਵੇਅ ਗਸ਼ਤੀ ਦਲ ਦੇ ਟਾਇਲਰ ਰੋਸ ਨੇ ਕਿਹਾ ਕਿ ਹਾਦਸੇ ਵੇਲੇ ਬੱਸ ’ਚ 52 ਵਿਦਿਆਰਥੀ ਅਤੇ ਚਾਲਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 8 ਵਜੇ ਵਾਪਰਿਆ। ਉਨ੍ਹਾਂ ਕਿਹਾ ਕਿ ਇਸ ਬੱਸ ’ਚ ਵੀ ਪੂਰੇ ਅਮਰੀਕਾ ’ਚ ਚੱਲਣ ਵਾਲੀਆਂ ਹੋਰਨਾਂ ਬੱਸਾਂ ਵਾਂਗ ਵਿਦਿਆਰਥੀਆਂ ਲਈ ਕੋਈ ਸੀਟ ਬੈਲਟ ਨਹੀਂ ਸੀ।
ਰੋਸ ਨੇ ਕਿਹਾ ਕਿ ਨਾਰਥਵੈਸਟ ਲੋਕਲ ਸਕੂਲ ਡਿਸਟ੍ਰਿਕਟ ਦੀ ਸਕੂਲ ਬੱਸ ਨੂੰ ਇੱਕ ਹੋਂਡਾ ਓਡੀਸੀ ਨੇ ਟੱਕਰ ਮਾਰੀ, ਜਿਹੜੀ ਕਿ ਸੜਕ ’ਤੇ ਸੈਂਟਰ ਲਾਈਨ ਨੂੰ ਪਾਰ ਕਰ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਬੱਸ ਸੜਕ ਤੋਂ ਉਤਰ ਗਈ ਅਤੇ ਪਲਟ ਗਈ। ਉਨ੍ਹਾਂ ਕਿਹਾ ਕਿ ਬੱਸ ’ਚੋਂ ਬਾਹਰ ਕੱਢੇ ਗਏ ਇੱਕ ਵਿਦਿਆਰਥੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਬਾਕੀ 13 ਵਿਦਿਆਰਥੀਆਂ ਨੂੰ ਮੌਕੇ ’ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਵਲੋਂ ਵੱਖ-ਵੱਖ ਹਸਪਤਾਲਾਂ ’ਚ ਲਿਜਾਇਆ ਗਿਆ। ਉੱਥੇ ਹੀ 10 ਜ਼ਖ਼ਮੀ ਵਿਦਿਆਰਥੀਆਂ ਨੂੰ ਪਰਿਵਾਰਕ ਮੈਂਬਰਾਂ ਵਲੋਂ ਜਾਂ ਨਿੱਧੀ ਸਾਧਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਕੁੱਲ 23 ਜ਼ਖ਼ਮੀਆਂ ’ਚੋਂ 22 ਦੀ ਹਾਲਤ ਤਾਂ ਸਥਿਰ ਹੈ, ਜਦਕਿ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਮਿੰਨੀ ਵੈਨ ਅਤੇ ਬੱਸ ਚਾਲਕ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ ਪਰ ਦੋਹਾਂ ਦੀਆਂ ਸੱਟਾਂ ਨੂੰ ਜਾਨਲੇਵਾ ਨਹੀਂ ਮੰਨਿਆ ਜਾ ਰਿਹਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਵਰਗੇ ਦੇਸ਼ ’ਚ ਸਕੂਲ ਬੱਸ ਹਾਦਸੇ ਆਮ ਤੌਰ ’ਤੇ ਘੱਟ ਹੀ ਹੁੰਦੇ ਹਨ। ਇੱਕ ਅਧਿਐਨ ’ਚ ਪਾਇਆ ਗਿਆ ਹੈ ਕਿ ਅਮਰੀਕਾ ’ਚ ਹਰੇਕ ਸਾਲ ਹਰ ਤਰ੍ਹਾਂ ਦੀਆਂ ਬੱਸਾਂ ਨਾਲ ਜੁੜੇ ਲਗਭਗ 63,000 ਹਾਦਸੇ ਹੁੰਦੇ ਹਨ ਅਤੇ ਸੰਸਥਾ ਸਕੂਲ ਬੱਸ ਫਲੀਟ ਦਾ ਅੰਦਾਜ਼ਾ ਹੈ ਕਿ 490,000 ਪੀਲੀਆਂ ਸਕੂਲੀ ਬੱਸਾਂ ਅਮਰੀਕਾ ’ਚ ਰੋਜ਼ਾਨਾ ਆਵਾਜਾਈ ਪ੍ਰਦਾਨ ਕਰਦੀਆਂ ਹਨ, ਜੋ ਕਿ ਪੈਦਲ ਚੱਲਣ ਜਾਂ ਨਿਯਮਿਤ ਕਾਰ ਦੀ ਸਵਾਰੀ ਕਰਨ ਨਾਲੋਂ ਇੱਕ ਸੁਰੱਖਿਅਤ ਵਿਕਲਪ ਹੈ। ਹਾਲਾਂਕਿ ਸਾਲ 2020 ’ਚ ਇੱਕ ਸਕੂਲ ਬੱਸ ਹਾਦਸੇ ’ਚ ਸੱਤ ਸਾਲ ਦੇ ਬੱਚੇ ਸਣੇ ਦੋ ਲੋਕਾਂ ਦੀ ਮੌਤ ਮਗਰੋਂ ਕੌਮੀ ਆਵਾਜਾਈ ਸੁਰੱਖਿਆ ਬੋਰਡ ਨੇ ਸਾਰੀਆਂ ਸਕੂਲ ਬੱਸਾਂ ਨੂੰ ਲੈਪ ਅਤੇ ਸ਼ੋਲਡਰ ਸੀਟਬੈਲਟਾਂ ਨਾਲ ਲੈਸ ਕਰਨ ਲਈ ਕਿਹਾ ਸੀ।