Toronto- ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਗ੍ਰੀਨਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਬਦਲ ਦੇਣਗੇ। ਫੋਰਡ ਨੇ ਵੀਰਵਾਰ ਦੁਪਹਿਰ ਨੂੰ ਨਿਆਗਰਾ ਫਾਲਜ਼ ’ਚ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ, ਜਿੱਥੇ ਉਨ੍ਹਾਂ ਦੀ ਕਾਕਸ ਇੱਕ ਪਾਰਟੀ ਰਿਟਰੀਟ ਲਈ ਇਕੱਠੀ ਹੋਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ, ‘‘ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਗ੍ਰੀਨਬੈਲਟ ਨੂੰ ਨਹੀਂ ਛੂਹਾਂਗਾ। ਮੈਂ ਉਸ ਵਾਅਦੇ ਨੂੰ ਤੋੜ ਦਿੱਤਾ ਹੈ ਅਤੇ ਇਸਦੇ ਲਈ, ਮੈਨੂੰ ਬਹੁਤ, ਬਹੁਤ ਅਫ਼ਸੋਸ ਹੈ। ਮੈਨੂੰ ਆਪਣੇ ਵਾਅਦੇ ਨਿਭਾਉਣ ’ਤੇ ਮਾਣ ਹੈ। ਗ੍ਰੀਨਬੈਲਟ ਨੂੰ ਖੋਲ੍ਹਣਾ ਇੱਕ ਗਲਤੀ ਸੀ। ਅਜਿਹੀ ਪ੍ਰਕਿਰਿਆ ਸਥਾਪਿਤ ਕਰਨਾ ਇੱਕ ਗਲਤੀ ਸੀ ਜੋ ਬਹੁਤ ਤੇਜ਼ੀ ਨਾਲ ਅੱਗੇ ਵਧਦੀ ਹੈ।’’
ਫੋਰਡ ਅੱਗੇ ਆਖਿਆ ਕਿ ਗ੍ਰੀਨਬੈਲਟ ਤੋਂ ਜ਼ਮੀਨ ਦੇ ਕਿਹੜੇ ਟੁਕੜਿਆਂ ਨੂੰ ਹਟਾਇਆ ਜਾਵੇਗਾ, ਇਸ ਦੀ ਚੋਣ ਕਰਨ ਦੀ ਪ੍ਰਕਿਰਿਆ ’ਚ ਕੁਝ ਲੋਕਾਂ ਲਈ ਦੂਜਿਆਂ ਦੀ ਤੁਲਨਾ ’ਚ ਵਧੇਰੇ ਲਾਭ ਲੈਣ ਲਈ ਬਹੁਤ ਜ਼ਿਆਦਾ ਥਾਂ ਬਚੀ ਹੈ। ਫੋਰਡ ਨੇ ਆਖਿਆ ਕਿ ਇਸ ਕਾਰਨ ਲੋਕ ਸਾਡੇ ਇਰਾਦਿਆਂ ’ਤੇ ਸਵਾਲ ਚੁੱਕਣ ਲੱਗੇ। ਪਹਿਲੇ ਕਦਮ ਵਜੋਂ, ਤੁਹਾਡਾ ਭਰੋਸਾ ਵਾਪਸ ਹਾਸਲ ਕਰਨ ਲਈ, ਮੈਂ ਸਾਡੇ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਬਦਲਾਂਗਾ ਅਤੇ ਭਵਿੱਖ ’ਚ ਗ੍ਰੀਨਬੈਲਟ ’ਚ ਕੋਈ ਬਦਲਾਅ ਨਹੀਂ ਕਰਾਂਗਾ।
ਇਸ ਉਲਟਫੇਰ ਦੇ ਬਾਵਜੂਦ, ਫੋਰਡ ਨੇ ਅਜੇ ਵੀ ਜ਼ੋਰ ਦੇ ਕੇ ਕਿਹਾ ਕਿ ਗ੍ਰੀਨਬੈਲਟ ਨੂੰ ਵਿਕਸਤ ਕਰਨ ਨਾਲ ਸੂਬੇ ਦੇ ਹਾਊਸਿੰਗ ਸਟਾਕ ’ਚ ਹਜ਼ਾਰਾਂ ਘਰਾਂ ਨੂੰ ਜੋੜਨ ਲਈ ਬਹੁਤ ਵੱਡਾ ਫ਼ਰਕ ਪਵੇਗਾ। ਦੱਸ ਦਈਏ ਕਿ ਪ੍ਰੀਮੀਅਰ ਫੋਰਡ ਦਾ ਇਹ ਫ਼ੈਸਲਾ ਗ੍ਰੀਨਬੈਲਟ ਜ਼ਮੀਨ ਹਟਾਉਣ ਦੇ ਵਿਵਾਦ ਦੇ ਮੱਦੇਨਜ਼ਰ ਇੱਕ ਹੋਰ ਕੈਬਨਿਟ ਮੰਤਰੀ ਵਲੋਂ ਅਸਤੀਫ਼ਾ ਦੇਣ ਦੇ ਇੱਕ ਦਿਨ ਮਗਰੋਂ ਆਇਆ ਹੈ। ਬੀਤੇ ਦਿਨ ਓਨਟਾਰੀਓ ਦੇ ਪਬਲਿਕ ਅਤੇ ਬਿਜ਼ਨਸ ਸਰਵਿਸ ਡਿਲੀਵਰੀ ਮੰਤਰੀ ਕਲੀਦ ਰਸ਼ੀਦ ਨੇ ਆਪਣੇ ਕੈਬਨਿਟ ਅਹੁਦੇ ਅਤੇ ਪੀਸੀ ਕਾਕਸ ਤੋਂ ਅਸਤੀਫਾ ਦੇ ਦਿੱਤਾ ਸੀ।
ਰਸ਼ੀਦ ਗ੍ਰੀਨਬੈਲਟ ਘੋਟਾਲੇ ਦੇ ਮੱਦੇਨਜ਼ਰ ਫੋਰਡ ਸਰਕਾਰ ਤੋਂ ਅਸਤੀਫਾ ਦੇਣ ਵਾਲੇ ਦੂਜੇ ਮੰਤਰੀ ਹਨ। ਓਨਟਾਰੀਓ ਦੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਇਸ ਮਹੀਨੇ ਦੇ ਸ਼ੁਰੂ ’ਚ ਅਸਤੀਫਾ ਦੇ ਦਿੱਤਾ ਜਦੋਂ ਓਨਟਾਰੀਓ ਦੇ ਇੰਟੀਗਿ੍ਰਟੀ ਕਮਿਸ਼ਨ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਗ੍ਰੀਨਬੈਲਟ ਜ਼ਮੀਨ ਹਟਾਉਣ ਦੀ ਨਿਗਰਾਨੀ ਕਰਨ ਵਾਲੀ ਆਪਣੀ ਭੂਮਿਕਾ ’ਚ ਨੈਤਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।