ਸਿੱਧੂ ਨੂੰ ਕੱਢਣ ਦੀ ਤਿਆਰੀ ‘ਚ ਕਾਂਗਰਸ ! ਇੰਚਾਰਜ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ- ਕਾਂਗਰਸ ਪਾਰਟੀ ਨਵਜੋਤ ਸਿੱਧੂ ਖਿਲਾਫ ਸਖਤ ਐਕਸ਼ਨ ਲੈਣ ਜਾ ਰਹੀ ਹੈ । ਇਸਦਾ ਖੁਲਾਸਾ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ ਨੇ ਕੀਤਾ ਹੈ । ਦਰਅਸਲ ਪੱਤਰਕਾਰਾਂ ਵਲੋਂ ਜਦੋਂ ਚੌਧਰੀ ਤੋਂ ਸਿੱਧੂ ਵਲੋਂ ਆਪਣੀ ਹੀ ਸਾਬਕਾ ਸਰਕਾਰ ਨੂੰ ਮਾਫੀਆ ਰਾਜ ਕਹਿਣ ਬਾਰੇ ਪੁੱਛਿਆ ਗਿਆ ਤਾਂ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਅਜਿਹੇ ਬਿਆਨਾ ਕਾਰਣ ਹੀ ਆਮ ਆਦਮੀ ਪਾਰਟੀ ਸੱਤਾ ਚ ਆਈ ਹੈ ।ਹਾਲਾਂਕਿ ਇਸੇ ਬਿਆਨ ‘ਤੇ ਜਦੋਂ ਪੱਤਰਕਾਰਾਂ ਵਲੋਂ ਕਰਾਸ ਪ੍ਰਸ਼ਨ ਕੀਤਾ ਗਿਆ ਤਾਂ ਚੌਧਰੀ ਸਿੱਧੂ ਦੇ ਨਾਂ ਤੋਂ ਪਿੱਛੇ ਹੱਟ ਗਏ ।ਹਰੀਸ਼ ਚੌਧਰੀ ਮੁਤਾਬਿਕ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਖਿਲਾਫ ਜਲਦ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ ।

ਇਸਤੋਂ ਪਹਿਲਾਂ ਨਵਨਿਯੁਕਤ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪਾਰਟੀ ਚ ਅਨੁਸ਼ਾਸਨ ਦੀ ਗੱਲ ਕੀਤੀ ਹੈ । ਜਦਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਤਾਂ ਸਿੱਧੂ ਦਾ ਨਾਂ ਲਏ ਗੈਰ ਭਰੇ ਮੰਚ ਤੋਂ ਕਹਿ ਦਿੱਤਾ ਕਿ ਵਿਅਕਤੀਗਤ ਮਾਡਲ ਦੀ ਥਾਂ ਕਾਂਗਰਸ ਨੂੰ ਪੰਜਾਬ ਮਾਡਲ ਪੇਸ਼ ਕਰਨ ਵਾਲੇ ਨੇਤਾਵਾਂ ਦੀ ਲੋੜ ਹੈ । ਪਾਰਟੀ ਚ ਹਰ ਪਾਸੇ ਸਿੱਧੂ ਵਿਰੋਧੀ ਲਹਿਰ ਅਤੇ ਸਿੱਧੂ ਦੀਆਂ ਲਗਾਤਾਰ ਹੋ ਰਹੀਆਂ ਬਿਆਨਬਾਜੀਆਂ ਨੇ ਦਿੱਲੀ ਦਰਬਾਰ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ।

ਸੁਰਜੀਤ ਧੀਮਾਨ ਵਲੋਂ ਰਾਜਾ ਵੜਿੰਗ ਨੂੰ ਭ੍ਰਿਸ਼ਟਾਚਾਰੀ ਕਹਿਣ ‘ਤੇ ਜਿੱਥੇ ਇਕ ਦਿਨ ਚ ਹੀ ਵੱਡੀ ਕਾਰਵਾਈ ਕਰ ਦਿੱਤੀ ਗਈ ਸੀ ,ਉੱਥੇ ਕਾਂਗਰਸ ਹਾਈਕਮਾਨ ਸਿੱਧੂ ਨੂੰ ਸਮਾਂ ਦੇਣਾ ਚਾਹੁੰਦੀ ਸੀ । ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਾ ਫਿਰ ਕਾਂਗਰਸ ਪ੍ਰਧਾਨ ਦੀ ਤਾਜ਼ਪੋਸ਼ੀ ਦੌਰਾਨ ਆਪਣੀ ਹੀ ਸਾਬਕਾ ਸਰਕਾਰ ਅਤੇ ਮੁੱਖ ਮੰਤਰੀਆਂ ਖਿਲਾਫ ਬਿਆਨਬਾਜੀ ਨੇ ਸਿੱਧੂ ਦਾ ਕਾਂਗਰਸ ਚ ਰਾਹ ਔਖਾ ਕਰ ਦਿੱਤਾ ਹੈ ।