ਚੋਣ ਸੁਪਰਵਾਈਜ਼ਰਾਂ ਨੂੰ ਨੌਜਵਾਨ ਵੋਟਰਾਂ ਦੀ ਰਜਿਸਟਰੇਸ਼ਨ ਵਿਚ ਤੇਜ਼ੀ ਲਿਆਉਣ ਦੇ ਹੁਕਮ

ਜਲੰਧਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ 18 ਤੋਂ 19 ਸਾਲ ਉਮਰ ਵਰਗ ਦੇ ਨੌਜਵਾਨ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਲਈ ਚੋਣ ਸੁਪਰਵਾਈਜ਼ਰਾਂ ਨੂੰ 30 ਨਵੰਬਰ, 2021 ਤੱਕ ਫਸਟ ਟਾਈਮ ਵੋਟਰ ਵਜੋਂ ਘੱਟੋ-ਘੱਟ 10 ਨੌਜਵਾਨਾਂ ਦੀ ਰਜਿਸਟਰੇਸ਼ਨ ਲਈ ਯਤਨਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਆਪੋ-ਆਪਣੇ ਖੇਤਰ ਅਧੀਨ ਪੈਂਦੇ ਪੋਲਿੰਗ ਬੂਥਾਂ ‘ਤੇ 10 ਵੋਟਰਾਂ ਨੂੰ ਰਜਿਸਟਰ ਕਰਨ ਦਾ ਟੀਚਾ ਹਾਸਲ ਨਾ ਕਰ ਸਕਣ ਵਾਲੇ 44 ਸੁਪਰਵਾਈਜ਼ਰਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਚੱਲ ਰਹੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਵੋਟਰ ਸੂਚੀ ਦੀ ਸੁਧਾਈ ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਤਾਂ ਜੋ ਕੋਈ ਵੀ ਯੋਗ ਉਮੀਦਵਾਰ ਰਜਿਸਟਰੇਸ਼ਨ ਤੋਂ ਰਹਿ ਜਾਵੇ।

ਥੋਰੀ ਨੇ ਈ.ਆਰ.ਓਜ਼ ਨੂੰ ਆਈਲੈਟਸ ਸੈਂਟਰਾਂ ਅਤੇ ਉਦਯੋਗਿਕ ਇਕਾਈਆਂ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕੋਈ ਵੀ ਯੋਗ ਨਾਗਰਿਕ ਡਰਾਫਟ ਸੂਚੀ ਵਿਚ ਨਾਮ ਦਰਜ ਕਰਵਾਉਣ ਤੋਂ ਰਹੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 8076 ਨੌਜਵਾਨ ਵੋਟਰ ਡਰਾਫਟ ਵੋਟਰ ਸੂਚੀ ਵਿਚ ਦਰਜ ਕੀਤੇ ਜਾ ਚੁੱਕੇ ਹਨ, ਜੋ ਕਿ ਨਿਰਧਾਰਤ ਟੀਚੇ ਤੋਂ ਕਾਫੀ ਘੱਟ ਹਨ, ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਸਮੂਹਿਕ ਯਤਨ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿਚ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਇਸ ਕੰਮ ਵਿੱਚ ਮਦਦ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਸਰਟੀਫਿਕੇਟ ਪ੍ਰਾਪਤ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੇ ਸਬੰਧਤ ਸਕੂਲ/ਕਾਲਜ ਵਿੱਚ ਕੋਈ ਵੀ ਯੋਗ ਵਿਦਿਆਰਥੀ ਰਜਿਸਟਰੇਸ਼ਨ ਤੋਂ ਬਿਨਾਂ ਨਹੀਂ ਰਹਿ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯੋਗ ਨੌਜਵਾਨਾਂ ਨੂੰ ਫਸਟ ਟਾਈਮ ਵੋਟਰ ਵਜੋਂ ਰਜਿਸਟਰ ਕਰਕੇ ਇਸ ਵਿਸ਼ਾਲ ਮੁਹਿੰਮ ਵਿਚ ਅੱਗੇ ਆਉਣ ਦਾ ਸੱਦਾ ਦਿੱਤਾ ਕਿਉਂਕਿ ਇਹ ਕਦਮ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਚੋਣ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰ ਬਣਾ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਈ ਹੋਵੇਗਾ।

ਟੀਵੀ ਪੰਜਾਬ ਬਿਊਰੋ