ਹੁਣ ਕੈਨੇਡਾ ਦਾ Student Visa ਲੈਣਾ ਹੋ ਸਕਦੈ ਔਖਾ

Charlottetown- ਕੈਨੇਡਾ ਦੇ ਨਵੇਂ ਹਾਊਸਿੰਗ ਮੰਤਰੀ ਸੇਨ ਫਰੇਜ਼ਰ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਵਧਦੀ ਲਾਗਤ ਦੇ ਦਬਾਅ ਹੇਠ ਕੈਨੇਡੀਅਨ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਸੀਮਾ ਤੈਅ ਕਰਨ ’ਤੇ ਵਿਚਾਰ ਕਰ ਸਕਦਾ ਹੈ। ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀਆਂ ਦਾ ਅੰਕੜਾ ਹਾਲ ਹੀ ਦੇ ਸਾਲਾਂ ’ਚ ਕਾਫ਼ੀ ਵਧਿਆ ਹੈ। ਅਧਿਕਾਰਕ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਲ 2022 ’ਚ ਸਰਗਰਮ ਵੀਜ਼ਾ ਵਾਲੇ 800,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਨ, ਜੋ ਕਿ ਸਾਲ 2012 ’ਚ 275,000 ਤੋਂ ਵੱਧ ਸੀ। ਕੈਨੇਡਾ ਨੇ ਪਿਛਲੇ ਦਹਾਕੇ ’ਚ ਕੌਮਾਂਤਰੀ ਵਿਦਿਆਰਥੀਆਂ ’ਚ ਕਾਫ਼ੀ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ, ਕਿਉਂਕ ਦੇਸ਼ ਨੇ ਇਮੀਗ੍ਰੇਸ਼ਨ ਨਿਯਮਾਂ ’ਚ ਥੋੜ੍ਹੀ ਢਿੱਲ ਦਿਖਾਈ ਹੈ ਅਤੇ ਇੱਥੇ ਵਰਕ ਪਰਮਿਟ ਹਾਸਲ ਕਰਨਾ ਕਾਫ਼ੀ ਸੌਖਾ ਹੈ।
ਫਰੇਜ਼ਰ, ਜਿਹੜੇ ਕਿ ਹਾਊਸਿੰਗ ਮੰਤਰੀ ਬਣਨ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸਨ, ਨੇ ਪਿ੍ਰੰਸ ਐਡਵਰਡ ਆਈਲੈਂਡ ਵਿਖੇ ਹੋਣ ਵਾਲੀ ਕੈਬਿਨਟ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਕੁਝ ਹਾਊਸਿੰਗ ਬਾਜ਼ਾਰਾਂ ’ਤੇ ਸਪੱਸ਼ਟ ਦਬਾਅ ਪਾ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਵਿਦਿਆਰਥੀਆਂ ਦੀ ਗਿਣਤੀ ਦੀ ਸੀਮਾ ਤੈਅ ਕੀਤੀ ਜਾ ਸਕਦੀ ਹੈ, ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਬਦਲਾਂ ’ਚੋਂ ਇੱਕ ਹੈ, ਜਿਸ ’ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਬਾਰੇ ’ਚ ਸਰਕਾਰ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ।ਉਨ੍ਹਾਂ ਅੱਗੇ ਕਿਹਾ, ‘‘ਸਾਡੇ ਕੋਲ ਅਸਥਾਈ ਇਮੀਗ੍ਰੇਸ਼ਨ ਪ੍ਰੋਗਰਾਮ ਹਨ, ਜਿਹੜੇ ਕਿ ਇੰਨੇ ਥੋੜ੍ਹੇ ਸਮੇਂ ’ਚ ਇੰਨਾ ਵਿਸਫ਼ੋਟਕ ਵਾਧਾ ਦੇਣ ਲਈ ਕਦੇ ਨਹੀਂ ਬਣਾਏ ਗਏ ਸਨ।’’
ਉੱਧਰ ਵਿਰੋਧੀ ਧਿਰ ਵੀ ਦੇਸ਼ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਰਿਹਾਇਸ਼ੀ ਸੰਕਟ ਨੂੰ ਲੈ ਕੇ ਸੱਤਾਧਿਰ ਨੂੰ ਲਗਾਤਾਰ ਭੰਡਦੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਹਾਊਸਿੰਗ ਦੇ ਮੁੱਦੇ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਅਗਲੇ ਮਹੀਨੇ ਸੰਸਦ ’ਚ ਵਾਪਸੀ ਤੋਂ ਪਹਿਲਾਂ ਰਿਵਾਇਤੀ ਕੈਬਨਿਟ ਦੀ ਬੈਠਕ ’ਚ ਹਾਊਸਿੰਗ ਸੰਕਟ ਨੂੰ ਹੱਲ ਕਰਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਵੀਂ ਕੈਬਨਿਟ ਦੇ ਮੁੱਖ ਟੀਚਿਆਂ ’ਚੋਂ ਇੱਕ ਹੈ। ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਸਮਰੱਥਾ ਨਾਲ ਨਜਿੱਠਣ ਲਈ ਕੈਨੇਡਾ ਨੂੰ ਸਾਲ 2030 ਤੱਕ 5.8 ਮਿਲੀਅਨ ਨਵੇਂ ਘਰ ਬਣਾਉਣ ਦੀ ਲੋੜ ਹੈ, ਜਿਸ ’ਚ 2 ਮਿਲੀਅਨ ਰੈਂਟਲ ਯੂਨਿਟਾਂ ਵੀ ਸ਼ਾਮਿਲ ਹਨ। ਕੈਨੇਡਾ, ਜਿਸ ਦੀ ਆਬਾਦੀ ਲਭਗਭ 39.5 ਮਿਲੀਅਨ ਹੈ, ਨੇ ਸਾਲ 2025 ਤੱਕ ਰਿਕਾਰਡ 500,000 ਲੋਕਾਂ ਨੂੰ ਪੀ. ਆਰ. ਦੇਣ ਦੀ ਯੋਜਨਾ ਬਣਾ ਰਿਹਾ ਹੈ।