ਤਰਨਤਾਰਨ ਦੇ ਪਿੰਡ ਸ਼ਹਿਬਾਜ਼ਪੁਰ ‘ਚੋਂ ਮਿਲਿਆ ਪਾਕਿਸਤਾਨੀ ਝੰਡਾ, ਫੈਲੀ ਸਨਸਨੀ

ਡੈਸਕ- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸ਼ਹਿਬਾਜ਼ਪੁਰ ਵਿਖੇ ਇਕ ਪਾਕਿਸਤਾਨੀ ਝੰਡਾ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਪੁਲਿਸ ਅਤੇ ਵੱਖ-ਵੱਖ ਖੁਫੀਆ ਵਿਭਾਗ ਦੀਆਂ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ਹਿਬਾਜ਼ਪੁਰ ਵਿਖੇ ਸੋਮਵਾਰ ਸਵੇਰੇ ਇਕ ਰਿਜ਼ੋਰਟ ਨਜ਼ਦੀਕ ਪਾਕਿਸਤਾਨੀ ਝੰਡਾ, ਜਿਸ ਉੱਪਰ ਵੱਖ-ਵੱਖ ਰੰਗਾਂ ਦੇ ਗੁਬਾਰੇ ਲੱਗੇ ਹੋਏ ਸਨ, ਜ਼ਮੀਨ ਉੱਪਰ ਡਿੱਗਿਆ ਮਿਲਿਆ। ਲੋਕਾਂ ਵੱਲੋਂ ਇਸ ਦੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪਾਕਿਸਤਾਨੀ ਝੰਡੇ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਝੰਡੇ ਉੱਪਰ ਅੰਗਰੇਜ਼ੀ ਭਾਸ਼ਾ ’ਚ ਪੀ. ਟੀ. ਆਈ. ਲਿਖਿਆ ਹੋਇਆ ਹੈ, ਜੋ ਪਾਕਿਸਤਾਨੀ ਨੇਤਾ ਇਮਰਾਨ ਖਾਨ ਦੀ (ਪਾਕਿਸਤਾਨ ਤਹਿਰੀਕੇ ਇਨਸਾਫ਼) ਪਾਰਟੀ ਦਾ ਦੱਸਿਆ ਜਾ ਰਿਹਾ ਹੈ। ਇਸ ਝੰਡੇ ਦੇ ਦੋਵੇਂ ਪਾਸੇ ਕਰੀਬ 2 ਦਰਜਨ ਗੁਬਾਰੇ ਲੱਗੇ ਹੋਏ ਹਨ, ਜਿਸ ਕਰ ਕੇ ਇਹ ਪਾਕਿਸਤਾਨ ਵੱਲੋਂ ਭਾਰਤ ਪਹੁੰਚਿਆ ਹੋ ਸਕਦਾ ਹੈ ਪਰ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।