PAU ਨੇ ਘਰੇਲੂ ਬਗੀਚੀ ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਬਲਾਕ ਡੇਹਲੋਂ ਦੇ ਪਿੰਡ ਧੌਲ ਕਲਾਂ ਵਿਚ ਸਿਖਲਾਈ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਘਰੇਲੂ ਪੋਸ਼ਕ ਬਗੀਚੀ ਬਾਰੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਜਾਣੂ ਕਰਵਾਉਣ ਲਈ ਕਰਵਾਇਆ ਗਿਆ।

ਇਸ ਵਿਚ 20 ਦੇ ਕਰੀਬ ਕਿਸਾਨ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦਾ ਉਦੇਸ਼ ਘਰੇਲੂ ਪੋਸ਼ਕ ਬਗੀਚੀ ਬਾਰੇ ਪੇਂਡੂ ਲੋਕਾਂ ਨੂੰ ਜਾਗਰੂਕ ਕਰਨਾ ਸੀ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਰਾਹੀਂ ਪੱਛੜੇ ਪਰਿਵਾਰਾਂ ਨੂੰ ਉਹਨਾਂ ਦੀ ਸਾਲ ਭਰ ਦੀ ਲੋੜ ਲਈ ਫਲਾਂ ਅਤੇ ਸਬਜ਼ੀਆਂ ਪੈਦਾ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਪੋਸ਼ਣ ਦੀਆਂ ਲੋੜਾਂ ਪੂਰੀਆਂ ਹੋ ਸਕਣ।

ਪਹਿਲੇ ਦਿਨ ਡਾ. ਪੰਕਜ ਕੁਮਾਰ ਨੇ ਸੰਤੁਲਿਤ ਖੁਰਾਕ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਸਿਖਿਆਰਥੀਆਂ ਨੂੰ ਚੰਗੀ ਖੁਰਾਕ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਫਲਾਂ ਅਤੇ ਸਬਜ਼ੀਆਂ ਦੁਆਰਾ ਵਾਤਾਵਰਨ ਦੀ ਸੰਭਾਲ ਵਿਸ਼ੇ ਤੇ ਵੀ ਗੱਲ ਕੀਤੀ। ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰ ਡਾ. ਸਈਦ ਪਟੇਲ ਨੇ ਸਿਖਿਆਰਥੀਆਂ ਨਾਲ ਸਬਜ਼ੀਆਂ ਨੂੰ ਘੱਟ ਥਾਂ ਵਿੱਚ ਉਗਾਉਣ ਬਾਰੇ ਗੱਲਬਾਤ ਕੀਤੀ।

ਡੇਹਲੋਂ ਬਲਾਕ ਦੇ ਖੇਤੀ ਵਿਕਾਸ ਅਧਿਕਾਰੀ ਡਾ. ਹਰਵਿੰਦਰ ਕੌਰ ਨੇ ਕਿਹਾ ਕਿ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਪੋਸ਼ਕ ਬਗੀਚੀ ਤਿਆਰ ਕਰਨੀ ਚਾਹੀਦੀ ਹੈ। ਉਹਨਾਂ ਨੇ ਖੇਤੀਬਾੜੀ ਵਿਭਾਗ ਦੀਆਂ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਦੂਸਰੇ ਦਿਨ ਡਾ. ਗਗਨਪ੍ਰੀਤ ਕੌਰ ਨੇ ਘਰ ਦੇ ਵੇਹੜੇ ਵਿੱਚ ਉਗਾਏ ਜਾਣ ਵਾਲੇ ਫਲਦਾਰ ਬੂਟਿਆ ਬਾਰੇ ਜਾਣਕਾਰੀ ਦਿੱਤੀ । ਪਸਾਰ ਮਾਹਿਰ ਡਾ. ਦਵਿੰਦਰ ਸਿੰਘ ਨੇ ਪੀ.ਏ.ਯੂ. ਦੀਆਂ ਵੱਖ-ਵੱਖ ਪਸਾਰ ਯੋਜਨਾਵਾਂ ਬਾਰੇ ਗੱਲ ਕਰਦਿਆਂ ਧੰਨਵਾਦ ਦੇ ਸ਼ਬਦ ਕਹੇ । ਭਾਗ ਲੈਣ ਵਾਲਿਆਂ ਨੂੰ ਪੀ.ਏ.ਯੂ. ਦਾ ਸਾਹਿਤ, ਫਲਾਂ ਦੇ ਬੂਟੇ ਅਤੇ ਬੀਜਾਂ ਦੀ ਕਿੱਟ ਦਿੱਤੀ ਗਈ।

ਟੀਵੀ ਪੰਜਾਬ ਬਿਊਰੋ