PAU ਨਵੀਆਂ ਖੇਤੀ ਚੁਣੌਤੀਆਂ ਸਾਹਮਣੇ ਖੇਤੀ ਖੇਤਰ ਨੂੰ ਅਗਵਾਈ ਦੇਵੇਗੀ : ਅਨਿਰੁਧ ਤਿਵਾੜੀ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਅੱਜ ਅਜ਼ਾਦੀ ਦਿਹਾੜਾ ਸਾਦਗੀ ਨਾਲ ਮਨਾਇਆ ਗਿਆ। ਕੋਵਿਡ-19 ਦੇ ਮੱਦੇਨਜ਼ਰ ਬਹੁਤ ਸਰਲ ਅੰਦਾਜ਼ ਵਿਚ ਕੀਤੇ ਇਸ ਸਮਾਗਮ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਆਈ ਏ ਐਸ ਅਨਿਰੁੱਧ ਤਿਵਾੜੀ ਨੇ ਕੀਤੀ। ਵਾਈਸ ਚਾਂਸਲਰ ਸ੍ਰੀ ਤਿਵਾੜੀ ਨੇ ਰਾਸ਼ਟਰੀ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ।

ਸ੍ਰੀ ਤਿਵਾੜੀ ਨੇ ਇਸ ਮਹਾਨ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਦਿਨ ਦੇਸ਼ ਨੂੰ 200 ਸਾਲ ਦੇ ਬਰਤਾਨਵੀ ਸ਼ਾਸ਼ਨ ਤੋਂ ਮੁਕਤੀ ਮਿਲੀ ਸੀ। ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਨੂੰ ਭੁੱਖਮਰੀ ਤੋਂ ਬਚਾਉਣ ਦੀ ਚੁਣੌਤੀ ਸੀ। ਪੀ ਏ ਯੂ ਨੇ ਇਸ ਚੁਣੌਤੀ ਸਾਹਮਣੇ ਹਰੇ ਇਨਕਲਾਬ ਦੀ ਅਗਵਾਈ ਕੀਤੀ।

ਸ੍ਰੀ ਤਿਵਾੜੀ ਨੇ ਪੀ ਏ ਯੂ ਨੂੰ ਹੁਣੇ ਹੁਣੇ ਆਈ ਸੀ ਏ ਆਰ ਵੱਲੋਂ ਦੇਸ਼ ਦੀ ਸਰਵੋਤਮ ਰਾਜ ਖੇਤੀ ਯੂਨੀਵਰਸਿਟੀ ਚੁਣਨ ਲਈ ਇਸਦੇ ਸਮੁੱਚੇ ਅਮਲੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਖਰ ‘ਤੇ ਪੁੱਜ ਕੇ ਓਥੇ ਬਰਕਰਾਰ ਰਹਿਣਾ ਹੋਰ ਵੀ ਔਖਾ ਹੈ। ਸ੍ਰੀ ਤਿਵਾੜੀ ਨੇ ਕੋਵਿਡ ਦੀ ਮਹਾਂਮਾਰੀ ਦੌਰਾਨ ਆਈ ਖੜੋਤ ਦੇ ਬਾਵਜੂਦ ਪੀ ਏ ਯੂ ਵੱਲੋਂ ਕੀਤੇ ਪਸਾਰ ਕਾਰਜਾਂ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਸਫਲਤਾ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਯੋਜਨਾ ਇਸਦਾ ਹੀ ਸਰੂਪ ਹੈ। ਸ਼੍ਰੀ ਤਿਵਾੜੀ ਨੇ ਕਿਹਾ ਕਿ ਖੇਤੀ ਸਥਿਰਤਾ, ਕੁਦਰਤੀ ਸਰੋਤਾਂ ਦੀ ਸੰਭਾਲ, ਖੇਤੀ ਮੁਹਾਰਤ ਦਾ ਵਿਕਾਸ ਅਜੋਕੇ ਸਮੇਂ ਦੀਆਂ ਲੋੜਾਂ ਹਨ ਤੇ ਪੀ ਏ ਯੂ ਲਗਾਤਾਰ ਇਸ ਲਈ ਯਤਨਸ਼ੀਲ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਪੀ ਏ ਯੂ ਖੇਤੀ ਖੇਤਰ ਨੂੰ ਯੋਗ ਅਗਵਾਈ ਦੇ ਕੇ ਇਨ੍ਹਾਂ ਚੁਣੌਤੀਆਂ ਨਾਲ ਲੜਨ ਦੇ ਹਾਲਾਤ ਪੈਦਾ ਕਰ ਸਕੇਗਾ। ਇਸ ਤੋ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਾਈਸ ਚਾਂਸਲਰ, ਅਫਸਰ ਸਾਹਿਬਾਨ, ਫੈਕਲਟੀ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਸਭ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।

ਉਹਨਾਂ ਕਿਹਾ ਕਿ ਆਜ਼ਾਦੀ ਨੂੰ ਮਾਣਦੇ ਸਮੇਂ ਇਸਦੀ ਰੱਖਿਆ ਕਰਨ ਤੇ ਇਸਨੂੰ ਬਰਕਰਾਰ ਰੱਖਣ ਦੀ ਲੋੜ ਹੈ। ਸਮਾਜਿਕ ਕੁਰੀਤੀਆਂ ਬਰਾਬਰਤਾ ਦੇ ਰਾਹ ਵਿਚ ਬਹੁਤ ਵੱਡਾ ਰੋੜਾ ਹਨ ਅਤੇ ਇਹਨਾਂ ਦੇ ਖਾਤਮੇ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਡਾ ਧਾਲੀਵਾਲ ਨੇ ਦੱਸਿਆ ਕਿ ਪੀ ਏ ਯੂ ਨੇ ਖੇਤੀ ਵਿਗਿਆਨੀ ਹੀ ਨਹੀਂ ਬਲਕਿ ਮਹਾਨ ਖਿਡਾਰੀ ਤੇ ਕਲਾਕਾਰ ਵੀ ਪੈਦਾ ਕੀਤੇ ਹਨ।

ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਜ਼ਿੰਦਗੀ ਦੇ ਉਸਾਰੂ ਪੱਖਾਂ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੀ ਏ ਯੂ ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿਖਿਆ ਡਾ ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ, ਯੂਨੀਵਰਸਿਟੀ ਕੰਪਟਰੋਲਰ ਡਾ ਕਮਲ ਵੱਤਾ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਡੀਨ ਖੇਤੀ ਇੰਜਨੀਰਿੰਗ ਕਾਲਜ ਡਾ ਅਸ਼ੋਕ ਕੁਮਾਰ,

ਡੀਨ ਬਾਗਬਾਨੀ ਕਾਲਜ ਡਾ ਐੱਮ ਆਈ ਐੱਸ ਗਿੱਲ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ ਸੰਦੀਪ ਬੈਂਸ, ਵਧੀਕ ਨਿਰਦੇਸ਼ਕ ਖੋਜ, ਵਧੀਕ ਨਿਰਦੇਸ਼ਕ ਪਸਾਰ ਸਿਖਿਆ ਅਤੇ ਸਮੂਹ ਵਿਭਾਗਾਂ ਦੇ ਮੁਖੀ ਹਾਜ਼ਿਰ ਸਨ। ਅੰਤ ਵਿਚ ਧੰਨਵਾਦ ਦੇ ਸ਼ਬਦ ਸਮਾਗਮ ਦਾ ਸੰਚਾਲਨ ਕਰ ਰਹੇ ਭਲਾਈ ਅਧਿਕਾਰੀ ਗਰਪ੍ਰੀਤ ਵਿਰਕ ਨੇ ਕਹੇ।

ਟੀਵੀ ਪੰਜਾਬ ਬਿਊਰੋ