PAU ਨੂੰ ਭੋਜਨ ਉਦਯੋਗ ਸਿਖਲਾਈ ਲਈ ਦੇਸ਼ ਦੇ ਸਰਵੋਤਮ ਕੇਂਦਰ ਦਾ ਐਵਾਰਡ ਹਾਸਲ ਹੋਇਆ

ਲੁਧਿਆਣਾ : ਪੀ.ਏ.ਯੂ. ਨੂੰ ਅੱਜ ਭੋਜਨ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਭਾਰਤ ਸਰਕਾਰ ਵੱਲੋਂ ਭੋਜਨ ਉਦਯੋਗ ਦੇ ਖੇਤਰ ਵਿਚ ਸਿਖਲਾਈ ਲਈ ਸਰਵੋਤਮ ਕੇਂਦਰ ਦਾ ਐਵਾਰਡ ਪ੍ਰਾਪਤ ਹੋਇਆ ਹੈ । ਇਹ ਐਵਾਰਡ ਐਗਰੀ ਫੂਡ ਇੰਪਾਵਰਿੰਗ ਇੰਡੀਆ ਐਵਾਰਡਜ਼ 2021 ਦੌਰਾਨ ਨਵੀਂ ਦਿੱਲੀ ਵਿਖੇ ਭੋਜਨ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀ ਪਰਲਾਦ ਸਿੰਘ ਪਟੇਲ ਵੱਲੋਂ ਪ੍ਰਦਾਨ ਕੀਤਾ ਗਿਆ ।

ਪੀ.ਏ.ਯੂ. ਵੱਲੋਂ ਅਪਰ ਨਿਰਦੇਸ਼ਕ ਸੰਚਾਰ ਅਤੇ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਸ਼ਨ ਸੈਂਟਰ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ, ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਅਤੇ ਪਾਬੀ ਦੇ ਕਾਰੋਬਾਰੀ ਪ੍ਰਬੰਧਕ ਸ੍ਰੀ ਰਾਹੁਲ ਗੁਪਤਾ ਨੇ ਹਾਸਲ ਕੀਤਾ ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਪੀ.ਏ.ਯੂ. ਵਿੱਚ ਦੋ ਕਾਰੋਬਾਰੀ ਸਿਖਲਾਈ ਕੇਂਦਰ ਚਲ ਰਹੇ ਹਨ ਜਿਨਾਂ ਵਿਚ ਭੋਜਨ ਉਦਯੋਗ ਬਿਜ਼ਨਸ ਇੰਨਕੁਬੇਸ਼ਨ ਸੈਂਟਰ ਅਤੇ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਸ਼ਨ ਸੈਂਟਰ ਪ੍ਰਮੁੱਖ ਹਨ।

ਉਹਨਾਂ ਦੱਸਿਆ ਕਿ ਭੋਜਨ ਉਦਯੋਗ ਇੰਨਕੁਬੇਸ਼ਨ ਸੈਂਟਰ ਨੇ ਹੁਣ ਤੱਕ 41 ਤਕਨਾਲੋਜੀਆਂ ਨੂੰ ਵਿਕਸਿਤ ਕਰਕੇ ਕਿਸਾਨਾਂ, ਉਤਪਾਦਕਾਂ, ਕਾਰੋਬਾਰੀ ਉੱਦਮੀਆਂ ਅਤੇ ਛੋਟੇ ਵੱਡੇ ਉਦਯੋਗਪਤੀਆਂ ਤੱਕ ਪਹੁੰਚਾਈਆਂ ਹਨ ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਐਵਾਰਡ ਨੂੰ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਹੱਲਾਸ਼ੇਰੀ ਅਤੇ ਖੇਤੀ ਸਿਖਲਾਈ ਲੈਣ ਵਾਲਿਆਂ ਦੀ ਮਿਹਨਤ ਦਾ ਨਤੀਜਾ ਕਿਹਾ । ਉਹਨਾਂ ਦੱਸਿਆ ਕਿ ਪੰਜਾਬ ਐਗਰੀ ਇੰਨਕੁੇਬਸ਼ਨ ਸੈਂਟਰ ਵਿਚ ਉੱਦਮ ਅਤੇ ਉਡਾਨ ਦੋ ਪ੍ਰੋਗਰਾਮ ਚਲਾਏ ਜਾ ਰਹੇ ਹਨ ।

ਇਹਨਾਂ ਅਧੀਨ ਸਿਖਲਾਈ ਲੈਣ ਵਾਲੇ ਖੇਤੀ ਉੱਦਮੀਆਂ ਨੂੰ ਸਰਕਾਰੀ ਸਹਾਇਤਾ ਵੀ ਪ੍ਰਾਪਤ ਹੁੰਦੀ ਹੈ । ਉਹਨਾ ਦੱਸਿਆ ਕਿ ਹੁਣ ਤੱਕ 118 ਸਿਖਿਆਰਥੀਆਂ ਨੇ ਪਾਬੀ ਅਧੀਨ ਸਿਖਲਾਈ ਲਈ ਹੈ ।

ਇਹਨਾਂ ਵਿਚੋਂ ਚੋਣਵੇਂ 30 ਉੱਦਮੀਆਂ ਨੂੰ 4.08 ਕਰੋੜ ਰੁਪਏ ਦੀ ਸਹਾਇਤਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰਾਪਤ ਹੋਈ ਹੈ । ਉਹਨਾ ਕਿਹਾ ਪਾਬੀ ਵੱਲੋਂ ਤੀਸਰੇ ਪੜਾਅ ਵਿਚ 45 ਸਿਖਿਆਰਥੀਆਂ ਨੂੰ ਚੁਣਿਆ ਗਿਆ ਹੈ।

ਇਸ ਐਵਾਰਡ ਦੇ ਮਿਲਣ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ.ਕੇ. ਤਿਵਾੜੀ, ਆਈ ਏ ਐੱਸ, ਨੂੰ ਮੁੱਖ ਵਿੱਤ ਸਕੱਤਰ ‘ਵਿਕਾਸ’, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਵਧਾਈ ਦਿੱਤੀ।

ਟੀਵੀ ਪੰਜਾਬ ਬਿਊਰੋ