ਅੱਜ BJP ‘ਚ ਸ਼ਾਮਲ ਹੋਣਗੇ ਪ੍ਰਨੀਤ ਕੌਰ, ਪਟਿਆਲਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ

ਡੈਸਕ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਅੱਜ ਭਾਜਪਾ ‘ਚ ਸ਼ਾਮਲ ਹੋ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪ੍ਰਨੀਤ ਕੌਰ ਨੂੰ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਚੋਣ ਲੜਾ ਸਕਦੀ ਹੈ। ਪ੍ਰਨੀਤ ਕੌਰ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਕਾਫੀ ਸਮੇਂ ਤੋਂ ਲਗਾਈਆਂ ਜਾ ਰਹੀਆਂ ਸਨ। ਇਸ ਗੱਲ ਦੀ ਪੁਸ਼ਟੀ ਉਸ ਸਮੇਂ ਹੋ ਗਈ ਜਦੋਂ ਉਨ੍ਹਾਂ ਦੀ ਧੀ ਜੈਇੰਦਰਾ ਕੌਰ ਨੇ ਇਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਪ੍ਰਨੀਤ ਕੌਰ ਭਾਜਪਾ ਵਿੱਚ ਜਲਦ ਸ਼ਾਮਲ ਹੋਣਗੇ।

ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਹੀ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ। ਇਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਬਣਾਈ ਸੀ ਅਤੇ ਬਾਅਦ ‘ਚ ਆਪਣੀ ਪਾਰਟੀ ਦਾ ਰਲੇਵਾਂ ਭਾਜਪਾ ‘ਚ ਕਰ ਦਿੱਤਾ ਸੀ।

ਪ੍ਰਨੀਤ ਕੌਰ ਪਟਿਆਲਾ ਸੀਟ ਤੋਂ ਚਾਰ ਵਾਰ ਸਾਂਸਦ ਰਹਿ ਚੁੱਕੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ 1999 ਵਿੱਚ ਪਟਿਆਲਾ ਤੋਂ ਲੋਕ ਸਭਾ ਚੋਣ ਜਿੱਤੀ। ਫਿਰ ਇਸ ਤੋਂ ਬਾਅਦ 2004, 2009 ਅਤੇ 2019 ਵਿੱਚ ਇਸੇ ਸੀਟ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਪ੍ਰਨੀਤ ਕੌਰ 2009 ਤੋਂ 2012 ਤੱਕ ਤਤਕਾਲੀ UPA ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰਨੀਤ 2014 ਤੋਂ 2017 ਤੱਕ ਪਟਿਆਲਾ ਤੋਂ ਵਿਧਾਇਕ ਵੀ ਰਹੇ।

ਜ਼ਿਕਰਯੋਗ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ‘ਚ ਪ੍ਰਨੀਤ ਨੂੰ ਕਾਂਗਰਸ ਨੇ ਫਰਵਰੀ 2023 ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਪ੍ਰਨੀਤ ਕੌਰ ਨੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ। ਇਸ ਦੇ ਪਿੱਛੇ ਦਾ ਕਾਰਨ ਸੀ ਕਿ ਉਹ ਲੋਕ ਸਭਾ ਦੀ ਮੈਂਬਰਸ਼ਿਪ ਨਹੀਂ ਗੁਆਉਣਾ ਚਾਹੁੰਦੀ ਸਨ।