ਦੋ ਦਿਨ ਦੀ ਉੜੀਕ ਹੋਰ, ਪ੍ਰੀ ਮਾਨਸੂਨ ਦੇਵੇਗਾ ਪੰਜਾਬੀਆਂ ਨੂੰ ਰਾਹਤ

ਡੈਸਕ- ਪੰਜਾਬ ਚ ਪੈ ਰਹੀ ਜ਼ਬਰਦਸਤ ਗਰਮੀ ਤੋਂ ਲੋਕ ਝੁਲਸ ਰਹੇ ਹਨ। ਹੁਣ ਇਹ ਝੁਲਸਣ ਜ਼ਿਆਦਾ ਦੇਰ ਨਹੀਂ ਠਹਿਰੇਗੀ। ਕਰੀਬ ਦੋ ਤਿੰਨ ਦਿਨ ਬਾਅਦ ਪੰਜਾਬ ਚ ਪ੍ਰੀ ਮਾਨਸੂਨ ਦਸਤਕ ਦੇਣ ਵਾਲਾ ਹੈ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਵਿੱਚ 25 ਜੂਨ ਮਗਰੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਵਾਰ ਮਾਨਸੂਨ ਵੀ ਪੱਛੜ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਬਿਪਰਜੌਏ ਕਾਰਨ 10 ਦਿਨ ਪੱਛੜਿਆ ਦੱਖਣ-ਪੱਛਮ ਮੌਨਸੂਨ 23-25 ਜੂਨ ਵਿਚਾਲੇ ਮੁੰਬਈ ਪਹੁੰਚੇਗਾ।

ਮੌਸਮ ਵਿਗਿਆਨੀਆਂ ਅਨੁਸਾਰ ਮਾਨਸੂਨ ਦੀ ਆਮਦ ਤੋਂ ਪਹਿਲਾਂ ਅਕਸਰ ਦਿਨ ਤੇ ਰਾਤਾਂ ਤਪਦੀਆਂ ਹਨ। ਮੌਸਮ ਦੇ ਤਾਜ਼ਾ ਅਪਡੇਟ ਮੁਤਾਬਕ 25 ਜੂਨ ਤੋਂ ਪ੍ਰੀ-ਮਾਨਸੂਨ ਉੱਤਰੀ ਪੰਜਾਬ ਦੇ ਖੇਤਰਾਂ ’ਚ ਦਸਤਕ ਦੇਵੇਗੀ। ਇਸ ਤੋਂ ਬਾਅਦ ਇਹ ਪੂਰੇ ਪੰਜਾਬ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਵੇਗੀ। ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ 25 ਤੋਂ 29 ਜੂਨ ਦਰਮਿਆਨ ਪੰਜਾਬ ਦੇ 80 ਤੋਂ 90 ਫੀਸਦੀ ਖੇਤਰਾਂ ਵਿੱਚ ਮੀਂਹ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਗਰਮੀ ਲਗਾਤਾਰ ਵਧ ਰਹੀ ਹੈ। ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ’ਚ ਤਾਪਮਾਨ ਸਭ ਤੋਂ ਵੱਧ 45.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਵਧ ਗਿਆ ਹੈ। ਬੁੱਧਵਾਰ ਸਾਲ ਦਾ ਸਭ ਤੋਂ ਵੱਡਾ ਦਿਨ ਬੇਹੱਦ ਹੁੰਮਸ ਵਾਲਾ ਤੇ ਗਰਮ ਰਿਹਾ। ਵੱਡੇ ਦਿਨ ਦੀ ਲੰਬਾਈ ਪੰਜਾਬ ’ਚ ਔਸਤਨ 14 ਘੰਟੇ 8 ਮਿੰਟ ਰਹੀ।

ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਫ਼ਰੀਦਕੋਟ, ਕੋਟਕਪੂਰਾ ਤੇ ਮਲੋਟ 44.6, ਅਬੋਹਰ 44.4, ਗੁਰਦਾਸਪੁਰ 43.9, ਸੰਗਰੂਰ 43.6, ਬਰਨਾਲਾ 43.1, ਬਠਿੰਡਾ 42, ਹੁਸ਼ਿਆਰਪੁਰ ਤੇ ਮਾਨਸਾ 42.9, ਫ਼ਤਹਿਗੜ੍ਹ ਸਾਹਿਬ ਤੇ ਰੋਪੜ 41.8, ਫ਼ਿਰੋਜ਼ਪੁਰ 41, ਸ੍ਰੀ ਅੰਮ੍ਰਿਤਸਰ ਸਾਹਿਬ 39, ਲੁਧਿਆਣਾ 38 ਤੇ ਸ੍ਰੀ ਆਨੰਦਪੁਰ ਸਾਹਿਬ 37 ਡਿਗਰੀ ਸੈਲਸੀਅਸ ਰਿਹਾ।