ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਲੁਧਿਆਣਾ ‘ਚ

ਲੁਧਿਆਣਾ : ਜਿਵੇਂ-ਜਿਵੇਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਜ਼ੋਰ ਫੜ ਰਹੀਆਂ ਹਨ। ਪਤਾ ਲੱਗਾ ਹੀ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਲੁਧਿਆਣਾ ਆ ਰਹੇ ਹਨ।

ਪ੍ਰਾਪਤ ਜਾਣਕਾਰ ਅਨੁਸਾਰ ਇਸ ਮੌਕੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਨਾਲ ਮੰਚ ਸਾਂਝਾ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਪਾਰਟੀ ਵਰਕਰਾਂ ਨੂੰ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਗੇ।

ਇਸ ਦੇ ਨਾਲ ਹੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਲੈ ਕੇ ਜਾਣ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਵਰਕਰਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਨਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਣਗੇ।

ਇਸ ਦੌਰੇ ਦੀ ਸਫ਼ਲਤਾ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਆਪਣੀ ਪੂਰੀ ਤਾਕਤ ਦਿਖਾਈ ਹੈ। ਪੰਜਾਬ ਵਿਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਲੈ ਕੇ ਹੁਣ ਤਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਹੱਲ ਕਰਦੇ ਆ ਰਹੇ ਹਨ। ਵੱਡੀਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਦੇ ਨਾਲ ਹੀ ਲੋਕਾਂ ਨਾਲ ਨਵੇਂ-ਨਵੇਂ ਵਾਅਦੇ ਵੀ ਕੀਤੇ ਜਾ ਰਹੇ ਹਨ। ਚਰਨਜੀਤ ਸਿੰਘ ਚੰਨੀ ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਪ੍ਰਗਤੀਸ਼ੀਲ ਪੰਜਾਬ ਤਹਿਤ ਨਿਵੇਸ਼ਕ ਸੰਮੇਲਨ ਵਿਚ ਸ਼ਾਮਲ ਹੋਏ ਸਨ ਤੇ ਨਾਲ ਹੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵੀ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਬੀਤੇ ਕੱਲ੍ਹ ਹੀ ਲੁਧਿਆਣਾ ਨੇੜੇ ਸ਼੍ਰੀ ਭੈਣੀ ਸਾਹਿਬ ਪਹੁੰਚੇ ਸਨ। ਉਥੇ ਉਨ੍ਹਾਂ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਉਦੈ ਸਿੰਘ ਤੋਂ ਅਸ਼ੀਰਵਾਦ ਲਿਆ। ਸੂਬੇ ਵਿਚ ਨਾਮਧਾਰੀ ਭਾਈਚਾਰੇ ਦਾ ਵੀ ਵੱਡਾ ਆਧਾਰ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੱਲ੍ਹ ਸੋਮਵਾਰ ਨੂੰ ਲੁਧਿਆਣਾ ਦੇ ਗਿੱਲ ਰੋਡ ‘ਤੇ ਦਾਣਾ ਮੰਡੀ ਵਿਖੇ ਵਰਕਰਾਂ ਨੂੰ ਮਿਲਣ ਦਾ ਪ੍ਰੋਗਰਾਮ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਦਾਣਾ ਮੰਡੀ ਵਿਚ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ’ਤੇ ਹਨ।

ਮੁੱਖ ਮੰਤਰੀ ਦੇ ਨਾਲ ਹਰੀਸ਼ ਚੌਧਰੀ ਤੇ ਨਵਜੋਤ ਸਿੰਘ ਸਿੱਧੂ ਵੀ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਵਿਧਾਇਕ ਵੀ ਮੌਜੂਦ ਰਹਿਣਗੇ। ਇਸ ਸਮਾਗਮ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ।

ਟੀਵੀ ਪੰਜਾਬ ਬਿਊਰੋ