ਰਾਹਤ ਭਰੀ ਖ਼ਬਰ : ਪੰਜਾਬ ਨੂੰ ਮਿਲੇਗੀ ਬਿਜਲੀ ਕੱਟਾਂ ਤੋਂ ਨਿਜਾਤ, ਬੰਦ ਪਏ ਥਰਮਲ ਯੂਨਿਟ ਹੋਏ ਚਾਲੂ

ਪਟਿਆਲਾ : ਪੰਜਾਬ ਵਿਚ ਬੰਦ ਹੋਏ ਯੂਨਿਟਾਂ ਦੇ ਮੁੜ ਚੱਲਣ ਨਾਲ 900 ਮੈਗਵਾਟ ਬਿਜਲੀ ਮਿਲਣ ਲੱਗੀ ਹੈ, ਜਿਸ ਨਾਲ ਬਿਜਲੀ ਦੀ ਮੰਗ ਪੂਰੀ ਹੋਣ ਦੀ ਉਮੀਦ ਜਾਗ ਬੱਝ ਗਈ ਹੈ। ਇਸ ਦੇ ਨਾਲ ਨਾਲ ਉਦਯੋਗਿਕ ਹਫ਼ਤਾਵਾਰੀ ਛੁੱਟੀ ਅਤੇ ਥਰਮਲ ਪਲਾਂਟ ਦੇ ਪੂਰੀ ਸਮਰੱਥਾ ਨਾਲ ਕੰਮ ਕਰਨ ਕਰਕੇ ਵੀ ਹਾਲਾਤ ਸੌਖਾਲੇ ਹੋਣ ਲੱਗੇ ਹਨ।
ਪੀਐੱਸਪੀਸੀਐੱਲ ਨੂੰ ਉਦਯੋਗਿਕ ਹਫ਼ਤਾਵਾਰੀ ਛੁੱਟੀ ਦੀ ਅਪੀਲ ਨਾਲ ਭਾਵੇਂ ਉਦਯੋਗਿਕ ਹਫ਼ਤਾਵਾਰੀ ਛੁੱਟੀ ਹਾਲੇ ਸੱਤ ਜੁਲਾਈ ਤਕ ਜਾਰੀ ਰਹੇਗੀ ਪਰ ਅਗਲੇ ਦਿਨਾਂ ਵਿਚ ਲੋਕਾਂ ਨੂੰ ਵੱਡੇ ਕੱਟਾਂ ਤੋਂ ਰਾਹਤ ਮਿਲਣ ਦੀ ਆਸ ਜਾਗ ਗਈ ਹੈ।ਸ਼ਨਿਚਰਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਔਸਤਨ 13 ਹਜ਼ਾਰ 115 ਮੈਗਾਵਾਟ ਦਰਜ ਕੀਤੀ ਗਈ ਹੈ ਜੋਕਿ ਸ਼ੁੱਕਰਵਾਰ ਨੂੰ 13361 ਦਰਜ ਕੀਤੀ ਗਈ ਸੀ। ਇਸ ਮੰਗ ਨੂੰ ਪੀਐੱਸਪੀਸੀਐੱਲ ਨੇ ਸੌਖਿਆਂ ਹੀ ਪੂਰਾ ਕਰ ਲਿਆ ਹੈ।
ਪੀਐੱਸਪੀਸੀਐੱਲ ਨੇ ਰੋਪੜ ਪਲਾਂਟ ਦੇ ਚਾਰ ਯੂਨਿਟਾਂ ਤੋਂ ਔਸਤਨ 747, ਲਹਿਰਾ ਮੁਹੱਬਤ ਤੋਂ 831 ਕੁੱਲ 1587 ਮੈਗਵਾਟ ਬਿਜਲੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 246, ਅਪਰਬਾਰੀ ਦੁਆਬ ਡੈਮ ਤੋਂ 86, ਸ੍ਰੀ ਅਨੰਦਪੁਰ ਸਾਹਿਬ ਪਲਾਂਟ ਤੋਂ 120 ਤੇ ਸ਼ਾਨਨ ਤੋਂ 105 ਕੁੱਲ 728 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਪੰਜਾਬ ਵਿਚ ਮੌਜੂਦਾ ਨਿੱਜੀ ਪਲਾਂਟਾਂ ’ਚੋਂ ਰਾਜਪੁਰਾ ਥਰਮਲ ਪਲਾਂਟ ਦੇ ਦੋ ਯੂਨਿਟਾਂ ਤੋਂ 1347, ਤਲਵੰਡੀ ਸਾਬੋ ਦੇ ਦੋ ਯੂਨਿਟਾਂ ਤੋਂ 1236 ਤੇ ਗੋਇੰਦਵਾਲ ਪਲਾਂਟ ਦੇ ਦੋ ਯੂਨਿਟਾਂ ਤੋਂ 503 ਕੁੱਲ 3086 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਪੀਐੱਸਪੀਸੀਐੱਲ ਨੇ ਪੰਜਾਬ ਵਿਚੋਂ ਕੁੱਲ 5588 ਮੈਗਵਾਟ ਤੇ ਬਾਕੀ ਬਿਜਲੀ ਬਾਹਰੋਂ ਖ਼ਰੀਦ ਕੇ ਮੰਗ ਨੂੰ ਪੂਰਾ ਕੀਤਾ ਹੈ।