ਪੰਜਾਬ ਭਰ ‘ਚ ਇਸਾਈ ਪ੍ਰਚਾਰਕ ‘ਤੇ ਇਨਕਮ ਟੈਕਸ ਦੇ ਛਾਪੇ

ਪੰਜਾਬ ਡੈਸਕ- ਪੰਜਾਬ ‘ਚ ਪਾਸਟਰ ਬਜਿੰਦਰ ਤੇ ਪਾਸਟਰ ਹਰਪ੍ਰੀਤ ਦਿਓਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਲੰਧਰ ਦੇ ਤਾਜਪੁਰ ਤੇ ਕਪੂਰਥਲਾ ਦੇ ਖੋਜੇਪੁਰ ‘ਚ ਛਾਪੇਮਾਰੀ ਦੀ ਸੂਚਨਾ ਹੈ। ਪੁਲਿਸ ਵੱਲੋਂ ਛਾਪੇਮਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਰਮ ਪਰਿਵਰਤਨ ਦੇ ਦੋਸ਼ਾਂ ‘ਚ ਘਿਰੇ ਬਜਿੰਦਰ ਦੇ ਬੜੌਦੀ ਸਥਿਤ ਧਾਰਮਿਕ ਅਸਥਾਨ ‘ਤੇ ਵੀ ਆਈਟੀ ਵਿਭਾਗ ਦੀ ਛਾਪੇੇਮਾਰੀ ਦੀ ਖਬਰ ਹੈ।

ਕਪੂਰਥਲਾ ਦੇ ਪਿੰਡ ਖੋਜੇਵਾਲ ਸਥਿਤ ਮੁੱਖ ਚਰਚ ‘ਤੇ ਇਨਕਮ ਟੈਕਸ ਦੀ ਟੀਮ ਨੇ ਮੰਗਲਵਾਰ ਸਵੇਰੇ ਛਾਪਾ ਮਾਰਿਆ। ਇਨਕਮ ਟੈਕਸ ਦੇ ਦਰਜਨਾਂ ਅਧਿਕਾਰੀਆਂ ਵੱਲੋਂ ਚਰਚਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਨਾ ਤਾਂ ਕਿਸੇ ਨੂੰ ਚਰਚ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਬਾਹਰ। ਆਈਟੀ ਟੀਮ ਦੇ ਨਾਲ ਸਥਾਨਕ ਪੁਲਿਸ ਤੇ ਸੀਆਰਪੀਐਫ ਦੇ ਜਵਾਨ ਵੀ ਹਨ, ਜਿਨ੍ਹਾਂ ਵੱਲੋਂ ਕਿਸੇ ਨੂੰ ਵੀ ਚਰਚ ਦੇ ਆਲੇ ਦੁਆਲੇ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਹਾਲਾਂਕਿ ਇਸ ਛਾਪੇਮਾਰੀ ਦੀ ਕੋਈ ਵੀ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ ਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਟੀਮ ਵਿੱਚ ਕਿੰਨੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਚਰਚ ਤੋਂ ਇਲਾਵਾ ਈਡੀ ਵੱਲੋਂ ਮੁੱਖ ਪਾਦਰੀ ਦੇ ਘਰ ਅਤੇ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਵਰਨਣਯੋਗ ਹੈ ਕਿ ਓਪਨ ਡੋਰ ਚਰਚ ਖੋਜੇਵਾਲ ਦੁਆਬੇ ਦਾ ਸਭ ਤੋਂ ਮਹੱਤਵਪੂਰਨ ਚਰਚ ਮੰਨਿਆ ਜਾਂਦਾ ਹੈ, ਜਿੱਥੇ ਪੰਜਾਬ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਇਸ ਚਰਚ ਵਿਚ ਹਰ ਵੀਰਵਾਰ ਅਤੇ ਐਤਵਾਰ ਨੂੰ ਪ੍ਰਾਰਥਨਾਵਾਂ ਹੁੰਦੀਆਂ ਹਨ।

ਇਸ ਤੋਂ ਇਲਾਵਾ ਪਾਸਟਰ ਬਲਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਬਿੱਟੂ ਦੇ ਗ੍ਰਹਿ ਕੋਟ ਖਾਲਸਾ ਛੇਹਰਟਾ (ਅੰਮ੍ਰਿਤਸਰ) ਵਿਖੇ ਈਡੀ ਵੱਲੋਂ ਸਵੇਰੇ ਤੜਕਸਾਰ ਤੋਂ ਰੇਡ ਕੀਤੀ ਗਈ ਹੈ। ਉਨ੍ਹਾਂ ਦੀ ਚੱਲ-ਅਚੱਲ ਸੰਪਤੀ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਟੀਮ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਅਵਤਾਰ ਸਿੰਘ ਬਿੱਟੂ ਜੋ ਕਿ ਆਤਿਸ਼ਬਾਜ਼ੀ ਦਾ ਵੱਡੇ ਪੱਧਰ ‘ਤੇ ਕਾਰੋਬਾਰ ਕਰਦੇ ਹਨ।