ਡੇਰਾ ਮੁਖੀ Gurmeet Ram Rahim ਨੂੰ ਮਿਲਣ ਹਸਪਤਾਲ ਪੁੱਜੀ ਹਨੀਪ੍ਰੀਤ, ਬਣਵਾ ਲਿਆ ਹੈ ਅਟੈਂਡੈਂਟ ਕਾਰਡ!

ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਗੁਰੂਗ੍ਰਾਮ ਦੇ ਐਸਕਾਰਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਖ਼ਬਰ ਆ ਰਹੀ ਹੈ ਕਿ ਡੇਰਾ ਮੁਖੀ ਨੂੰ ਮਿਲਣ ਮੂੰਹ-ਬੋਲੀ ਧੀ ਹਨੀਪ੍ਰੀਤ (Honeypreet) ਵੀ ਗੁਰੂਗ੍ਰਾਮ ਪਹੁੰਚ ਚੁੱਕੀ ਹੈ। ਦੱਸ ਦੇਈਏ ਕਿ ਇਲਾਜ ਲਈ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ (Medanta Hospital) ਦੀ 9ਵੀਂ ਮੰਜ਼ਿਲ ‘ਤੇ 4643 ਕਮਰੇ ‘ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ 15 ਜੂਨ ਤਕ ਲਈ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਦੇਖਭਾਲ ਲਈ ਅਟੈਂਡੈਂਟ ਦਾ ਕਾਰਡ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਰੋਜ਼ਾਨਾ ਰਾਮ ਰਹੀਮ ਨੂੰ ਮਿਲਣ ਉਸ ਦੇ ਕਮਰੇ ‘ਚ ਜਾ ਸਕਦੀ ਹੈ।

ਗੌਰਤਲਬ ਹੈ ਕਿ ਰਾਮ ਰਹੀਮ ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਹੁਣ ਉਸਨੂੰ ਕੋਰੋਨਾ ਹੋਣ ਕਾਰਨ ਐਤਵਾਰ ਦੁਪਹਿਰੇ ਮੇਦਾਂਤਾ ਹਸਪਤਾਲ ਦੇ ਕੋਵਿਡ ਵਾਰਡ ‘ਚ ਦਾਖ਼ਲ ਕਰਵਾਇਆ ਗਿਆ ਸੀ। ਤਿੰਨ ਦਿਨ ਪਹਿਲਾਂ ਤਬੀਅਤ ਖ਼ਰਾਬ ਹੋਣ ‘ਤੇ ਉਸ ਨੂੰ ਪੀਜੀਆਈ ਰੋਹਤਕ ‘ਚ ਦਾਖ਼ਲ ਕਰਵਾਇਆ ਸੀ। ਉੱਥੋਂ ਦੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਫਿਰ ਕੋਰੋਨਾ ਦੀ ਜਾਂਚ ਕੀਤੀ ਗਈ ਜਿਸ ਵਿਚ ਰਿਪੋਰਟ ਪਾਜ਼ੇਟਿਵ ਆਈ। ਉਸ ਨੂੰ ਪੈਨਕ੍ਰਿਆਜ਼ ‘ਚ ਵੀ ਸ਼ਿਕਾਇਤ ਹੈ। ਹਸਪਤਾਲ ਦੀ ਸੀਨੀਅਰ ਫਿਜ਼ੀਸ਼ੀਅਨ ਡਾ. ਸੁਸ਼ੀਲਾ ਕਟਾਰੀਆ ਦੀ ਦੇਖਰੇਖ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।

ਟੈਸਟ ਕਰਵਾਉਣ ਤੋਂ ਵੀ ਕਰ ਰਿਹਾ ਹੈ ਆਨਾਕਾਨੀ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਰਾਮ ਰਹੀਮ ਦਵਾਈ ਲੈਣ ਤੇ ਟੈਸਟ ਕਰਵਾਉਣ ‘ਚ ਵੀ ਨਾਂਹ-ਨੁੱਕਰ ਕਰ ਰਿਹਾ ਹੈ। ਅਜਿਹੇ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ ਸੰਭਵ ਹੈ ਕਿ ਰਾਮ ਰਹੀਮ ਕੋਰੋਨਾ ਨਾਲ ਜੁੜਿਆ ਆਰਟੀਪੀਸੀਆਰ ਟੈਸਟ ਕਰਵਾਉਣ ਲਈ ਰਾਜ਼ੀ ਹੋ ਜਾਵੇ ਕਿਉਂਕਿ ਉਹ ਹਨੀਪ੍ਰੀਤ ਦੀਆਂ ਗੱਲਾਂ ਨੂੰ ਤਵੱਜੋ ਦਿੰਦਾ ਹੈ। ਦੱਸ ਦੇਈਏ ਕਿ 2 ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਅਗਸਤ 2017 ਤੋਂ ਸਜ਼ਾ ਕੱਟ ਰਿਹਾ ਹੈ। 53 ਸਾਲ ਦਾ ਰਾਮ ਰਹੀਮ ਫਿਲਹਾਲ ਚੰਡੀਗੜ੍ਹ ਤੋਂ 250 ਕਿੱਲੋਮੀਟਰ ਦੂਰ ਰੋਹਤਕ ਦੀ ਹਾਈ ਸੁਰੱਖਿਆ ਵਾਲੀ ਸੁਨਾਰੀਆ ਜੇਲ੍ਹ ‘ਚ ਬੰਦ ਹੈ। ਕਾਬਿਲੇਗ਼ੌਰ ਹੈ ਕਿ ਬੀਤੇ ਦਿਨੀਂ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਰੋਹਤਕ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (PGIMS) ‘ਚ ਰਾਮ ਰਹੀਮ ਦਾ ਟੈਸਟ ਹੋਇਆ ਸੀ।