ਸਿੱਧੂ ਦੀ ਛਾਂਟੀ ਤੋਂ ਬਾਅਦ ਸੁਖਜਿੰਦਰ ਰੰਧਾਵਾ ਮਾਰ ਸਕਦੇ ਹਨ ਮੋਰਚਾ

ਜਲੰਧਰ-ਵਿਧਾਨ ਸਭਾ ਚੋਣਾ ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਚ ਉਥਲ ਪੁਥਲ ਜਾਰੀ ਹੈ.ਹਰ ਕੋਈ ਆਪਣੇ ਆਪਣੇ ਪੱਧਰ ‘ਤੇ ਸੀਨੀਅਰ ਨੇਤਾਵਾਂ ਖਿਲਾਫ ਭੜਾਸ ਕੱਢ ਰਿਹਾ ਹੈ.ਕੋਈ ਨਵਜੋਤ ਸਿੱਧੂ,ਚਰਨਜੀਤ ਚੰਨੀ ਤਾਂ ਕੋਈ ਹਿੰਦੂ ਵਾਲੇ ਬਿਆਨ ਨੂੰ ਲੈ ਕੇ ਸੁਨੀਲ ਜਾਖੜ ਨੂੰ ਹਾਰ ਦਾ ਦੋਸ਼ੀ ਮੰਨ ਰਹੇ ਹਨ.ਇਸ ਸੱਭ ਦੇ ਵਿੱਚਕਾਰ ਕਾਂਗਰਸ ਵਰਕਿੰਗ ਕਮੇਟੀ ਦੀ ਦਿੱਲੀ ਵਿਖੇ ਹੋਈ ਬੈਠਕ ਚ ਪੰਜਾ ਸੂਬਿਆਂ ਦੇ ਪ੍ਰਧਾਨਾ ਤੋਂ ਅਸਤੀਫੇ ਮੰਗ ਲਏ ਗਏ.ਪੰਜਾਬ ਤੋਂ ਸਿੱਧੂ ਆਪਣੇ ਅਸਤੀਫਾ ਭੇਜ ਚੁੱਕੇ ਹਨ.ਹੁਣ ਚਰਚਾ ਪੰਜਾਬ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਹੈ.
ਵੈਸੇ ਤਾਂ ਚਰਚਾ ਇਹ ਵੀ ਹੈ ਕਿ ਭਗਵੰਤ ਮਾਨ ਦੀ ਪ੍ਰਚੰਡ ਸਰਕਾਰ ਦੇ ਖਿਲਾਫ ਵਿਧਾਨ ਸਭਾ ਚ ਕਿਸ ਨੇਤਾ ਦੀ ਡਿਊਟੀ ਲਗਾਈ ਜਾਵੇਗੀ.ਪਰ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਖੁਸੇ ਹੋਏ ਅਹੁਦੇ ‘ਤੇ ਸੱਭ ਦੀ ਨਜ਼ਰ ਹੈ.ਹਾਈਕਮਾਨ ਵਲੋਂ ਸੂਬਿਆਂ ਚ ਫੇਰਬਦਲ ਕਰਦਿਆਂ ਹੋਇਆ ਛੇਤੀ ਹੀ ਨਵੇਂ ਪ੍ਰਧਾਨਾ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ.ਕਾਂਗਰਸੀ ਖੇਮੇ ਚ ਪ੍ਰਤਾਪ ਸਿੰਘ ਬਾਜਵਾ,ਸੁਨੀਲ ਜਾਖੜ,ਸੁਖ ਸਰਕਾਰੀਆ,ਸੁਖਜਿੰਦਰ ਰੰਧਾਵਾ ਅਤੇ ਰਵਨੀਤ ਬਿੱਟੂ ਸਮੇਤ ਕਈ ਨਾਂ ਚਰਚਾ ਚ ਹਨ.ਟੀ.ਵੀ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ ਮਾਝਾ ਬ੍ਰਿਗੇਡ ਦੇ ਸੁਖਜਿੰਦਰ ਰੰਧਾਵਾ ਇਸ ਰੇਸ ਚ ਬਾਜ਼ੀ ਮਾਰ ਸਕਦੇ ਹਨ.ਕਾਰਣ ਇਹ ਵੀ ਹੈ ਕਿ ਰੰਧਾਵਾ ਵਲੋਂ ਇਸਦੀ ਇੱਛਾ ਪਹਿਲਾਂ ਹੀ ਜਤਾਈ ਜਾ ਚੁਕੀ ਹੈ.ਰਵਨੀਤ ਬਿੱਟੂ ਸਿੱਧੂ ਵਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਲਾਈਨ ਚ ਲੱਗੇ ਹਨ.
ਰੰਧਾਵਾ ਦਾ ਪਲਸ ਪੁਆਇੰਟ ਇਹ ਵੀ ਹੈ ਕਿ ਉਹ ਇਕ ਧਾਕੜ ਨੇਤਾ ਹਨ ਅਤੇ ਪਾਰਟੀ ਲੀਡਰਸ਼ਿਪ ਚ ਉਨ੍ਹਾਂ ਦਾ ਵਿਰੋਧ ਵੀ ਨਾ ਦੇ ਬਰਾਬਰ ਹੈ.ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਨਾਲ ਭਿੜਨ ਵਾਲੇ ਨੇਤਾ ਦੀ ਛਵੀ ਨਾਲ ਹਾਈਕਮਾਨ ਵੀ ਕਾਫੀ ਹੱਦ ਤਕ ਸੰਤੁਸ਼ਟ ਹੈ.ਕਿਹਾ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੇ ਨਾਲ ਨਾਲ ਕਾਂਗਰਸ ਪ੍ਰਧਾਨ ਦਾ ਨਾਂ ਵੀ ਕਾਂਗਰਸ ਹਾਈਕਮਾਨ ਵਲੋਂ ਛੇਤੀ ਹੀ ਐਲਾਨ ਦਿੱਤਾ ਜਾਵੇਗਾ.