ਨਿਊਫਾਊਂਡਲੈਂਡ ’ਚ ਡੁੱਬੀ ਕਿਸ਼ਤੀ, ਦੋ ਲੋਕਾਂ ਦੀ ਮੌਤ 

St. John’s- ਨਿਊਫਾਊਂਡਲੈਂਡ ਦੇ ਉੱਤਰ-ਪੂਰਬੀ ਤੱਟ ’ਤੇ ਇੱਕ ਕਿਸ਼ਤੀ ਦੇ ਡੁੱਬਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਆਰਸੀਐਮਪੀ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਫੋਰਸ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ, ਜਦਕਿ ਇੱਕ ਹੋਰ ਅਜੇ ਵੀ ਲਾਪਤਾ ਹੈ ਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੁਲਿਸ ਦੇ ਬੁਲਾਰੇ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਕਈ ਖੋਜ ਅਤੇ ਬਚਾਅ ਟੀਮਾਂ ਮੌਜੂਦ ਹਨ। ਸਥਾਨਕ ਪੈਰਿਸ਼ ਪਾਦਰੀ, ਕੈਮਿਲਸ ਏਕੋਡੋਬ ਦੇ ਅਨੁਸਾਰ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚਾਰੇ ਪੀੜਤ ਨਿਊਫਾਊਂਡਲੈਂਡ ਦੇ ਬੇਈ ਵਰਟੇ ਪ੍ਰਾਇਦੀਪ ਦੇ ਫਲੋਰ ਡੀ ਲਾਇਸ ਅਤੇ ਕੋਚਮੈਨਜ਼ ਕੋਵ ਦੇ ਛੋਟੇ ਕਸਬਿਆਂ ਤੋਂ ਦੇ ਰਹਿਣ ਵਾਲੇ ਹਨ। ਕਿਸ਼ਤੀ ਮੰਗਲਵਾਰ ਸ਼ਾਮੀਂ ਫਲੋਰ ਡੀ ਲਾਇਸ ਦੇ ਨੇੜੇ ਡੁੱਬ ਗਈ।
ਕਸਬੇ ਦੇ ਕਲਰਕ, ਜੈਕੀ ਵਾਲਸ਼ ਨੇ ਕਿਹਾ ਕਿ ਇਹ ਇੱਕ ਛੋਟਾ ਜਹਾਜ਼ ਸੀ, ਇੱਕ ਸਪੀਡਬੋਟ ਵਰਗਾ। ਕੈਨੇਡੀਅਨ ਕੋਸਟ ਗਾਰਡ ਜਹਾਜ਼ CCGS ਅਰਲ ਗ੍ਰੇ, CCGS ਕਨਸੈਪਸ਼ਨ ਬੇ ਅਤੇ CCGS ਪੇਨੈਂਟ ਬੇ ਖੋਜ ਅਤੇ ਬਚਾਅ ਯਤਨਾਂ ਵਿੱਚ ਸਹਾਇਤਾ ਕਰਨ ਲਈ ਖੇਤਰ ਵਿੱਚ ਹਨ। ਸਥਾਨਕ ਜਹਾਜ਼ ਵੀ ਰਾਹਤ ਅਤੇ ਬਚਾਅ ਕਾਰਜਾਂ ’ਚ ਮਦਦ ਕਰ ਰਹੇ ਹਨ। ਹਾਦਸੇ ਦੇ ਕਾਰਨਾਂ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।