ਹੱਡ ਚੀਰਵੀਂ ਠੰਡ ਨਾਲ ਇਸ ਵਾਰ ਹੈਲੋਵੀਨ ਮਨਾਉਣਗੇ ਅਮਰੀਕੀ

Washington- ਅਕਤੂਬਰ ’ਚ ਤਾਪਮਾਨ ਦੇ ਡਰਾਉਣੇ ਪੱਧਰ ਤੱਕ ਡਿੱਗਣ ਕਾਰਨ ਅਮਰੀਕਾ ਦੇ ਕਈ ਹਿੱਸਿਆਂ ’ਚ ਲੱਖਾਂ ਲੋਕ ਇਸ ਵਾਰ ਹੈਲੋਵੀਨ ਨੂੰ ‘ਕੰਬਦੇ-ਕੰਬਦੇ’ ਹੀ ਮਨਾਉਣਗੇ। ਕੈਨੇਡਾ ਤੋਂ ਦੱਖਣ ਵੱਲ ਨੂੰ ਵਧੇ ਹੱਡ ਚੀਰਵੀਂਆਂ ਹਵਾਵਾਂ ਦੇ ਝੋਕੇ ਮੰਗਲਵਾਰ ਤੱਕ ਅਮਰੀਕਾ ਦੇ ਵਧੇਰੇ ਹਿੱਸਿਆਂ ’ਚ ਫੈਲ ਜਾਣਗੇ, ਜਿਸ ਨਾਲ ਦੇਸ਼ ਦੇ ਵਧੇਰੇ ਹਿੱਸਿਆਂ ’ਚ ਤਾਪਮਾਨ ’ਚ ਗਿਰਾਵਟ ਦੇਖਣ ਨੂੰ ਮਿਲੇਗੀ।
ਵੈਸਟ ਕੋਸਟ ਅਤੇ ਫਲੋਰੀਡਾ ਹੀ ਅਮਰੀਕਾ ਦੇ ਅਜਿਹੇ ਹਿੱਸੇ ਹੋਣਗੇ, ਜਿੱਥੋਂ ਦਸੰਬਰ ਵਰਗੀ ਹਵਾ ਚੱਲਣ ਦੇ ਬਾਵਜੂਦ ਵੀ ਹੈਲੋਵੀਨ ਮੌਕੇ ਰੌਂਗਟੇ ਖੜ੍ਹੇ ਹੋਣ ਤੋਂ ਬਚਿਆ ਜਾ ਸਕੇਗਾ। ਪੂਰਬ ਦੇ ਕੁਝ ਹਿੱਸਿਆਂ ’ਚ ਮੌਸਮ ਦੀ ਇਹ ਤਬਦੀਲੀ ਵਾਲਾ ਪੈਟਰਨ ਕਾਫ਼ੀ ਹੈਰਾਨ ਕਰਨ ਵਾਲਾ ਹੋਵੇਗਾ, ਜਿੱਥੇ ਵੀਕਐਂਡ ’ਤੇ ਬੇਮੌਸਮੀ ਗਰਮੀ ਤੋਂ ਬਾਅਦ ਹਫ਼ਤੇ ਦੀ ਸ਼ੁਰੂਆਤ ਬੇਮੌਸਮੀ ਠੰਡ ਨਾਲ ਸ਼ੁਰੂ ਹੋਈ ਹੈ। ਕਈ ਥਾਂਵਾਂ ’ਤੇ ਤਾਂ ਤਾਪਮਾਨ ਦਾ ਅੰਤਰ 30 ਡਿਗਰੀ ਤੋਂ ਵਧੇਰੇ ਦਾ ਹੈ।
ਕੁੱਲ ਮਿਲਾ ਕੇ ਮੰਗਲਵਾਰ ਨੂੰ ਪੂਰਬ ਅਤੇ ਦੱਖਣ ਦੇ ਵਧੇਰੇ ਹਿੱਸਿਆਂ ’ਚ ਤਾਪਮਾਨ ਅਕਤੂਬਰ ਦੇ ਅੰਤ ਤੱਕ ਆਮ ਨਾਲੋਂ ਲਗਭਗ 10 ਡਿਗਰੀ ਹੇਠਾਂ ਡਿੱਗ ਜਾਵੇਗਾ। ਇੰਨਾ ਹੀ ਨਹੀਂ ਬਰਲਿੰਗਟਨ, ਵਰਮੋਟ ਤੋਂ ਲੈ ਕੇ ਅਟਲਾਂਟਾ ਤੱਕ ਮੌਸਮ ਦਸੰਬਰ ਦੀ ਸ਼ੁਰੂਆਤ ਵਰਗਾ ਲੱਗੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਠੰਡ ਵਾਲਾ ਮੌਸਮ ਇਸ ਪੂਰੇ ਹਫ਼ਤੇ ਦੌਰਾਨ ਉੱਤਰੀ ਅਮਰੀਕਾ ’ਚ ਇਸੇ ਤਰ੍ਹਾਂ ਬਰਕਰਾਰ ਰਹੇਗਾ ਪਰ ਦੱਖਣੀ ਅਤੇ ਮੱਧ ਅਮਰੀਕਾ ਦੇ ਵਧੇਰੇ ਹਿੱਸਿਆਂ ’ਚ ਇਸ ਵੀਕਐਂਡ ਤੋਂ ਪਹਿਲਾਂ ਸਥਿਤੀ ਆਮ ਹੋ ਜਾਵੇਗੀ।