ਕੇਰਲ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ

ਪਠਾਨਮਥਿਤਾ : ਕੇਰਲ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਦੇ ਮੱਦੇਨਜ਼ਰ ਮੱਧ ਕੇਰਲ ਦੇ ਏਰਨਾਕੁਲਮ, ਇਡੁੱਕੀ ਅਤੇ ਤ੍ਰਿਸ਼ੂਰ ਜ਼ਿਲ੍ਹਿਆਂ ਵਿੱਚ ਐਤਵਾਰ ਲਈ ਰੈੱਡ ਅਲਰਟ ਦਾ ਐਲਾਨ ਕੀਤਾ ਹੈ।

ਭਾਰੀ ਮੀਂਹ ਕਾਰਨ ਸੂਬੇ ਦੇ ਵੱਖ-ਵੱਖ ਡੈਮਾਂ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ, ਜਿਸ ਕਾਰਨ ਦੁਪਹਿਰ ਬਾਅਦ ਇਡੁੱਕੀ ਜਲ ਭੰਡਾਰ ਦੇ ਚੇਰੂਥੋਨੀ ਡੈਮ ਦਾ ਗੇਟ ਖੋਲ੍ਹ ਦਿੱਤਾ ਗਿਆ।

ਕੇਰਲ ਦੇ ਜਲ ਸਰੋਤ ਮੰਤਰੀ ਰੋਜ਼ੀ ਆਗਸਟੀਨ ਨੇ ਇਕ ਫੇਸਬੁੱਕ ਪੋਸਟ ‘ਚ ਕਿਹਾ ਕਿ ਸੂਬੇ ਦੇ ਦੱਖਣੀ ਹਿੱਸਿਆਂ ‘ਚ ਭਾਰੀ ਬਾਰਸ਼ ਦੇ ਮੱਦੇਨਜ਼ਰ ਉਥੇ ਵਧਦੇ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਡੈਮ ਦੇ ਗੇਟਾਂ ਨੂੰ 40 ਸੈਂਟੀਮੀਟਰ ਉੱਚਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਡੁੱਕੀ ਜਲ ਭੰਡਾਰ ਦਾ ਪਾਣੀ ਦਾ ਪੱਧਰ ਸਵੇਰੇ 2398.80 ਫੁੱਟ ਸੀ, ਜੋ ਕਿ 2399.03 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਨੇੜੇ ਸੀ। ਸੂਬਾ ਸਰਕਾਰ ਮੁਤਾਬਕ ਸਵੇਰ ਤੋਂ ਪੈ ਰਹੀ ਭਾਰੀ ਬਾਰਿਸ਼ ਦੌਰਾਨ ਪੇਰੀਆਰ ਨਦੀ ਤੋਂ ਇਲਾਵਾ ਕਈ ਥਾਵਾਂ ‘ਤੇ ਪਾਣੀ ਦਾ ਪੱਧਰ ਵਧਦਾ ਦੇਖਿਆ ਗਿਆ।

ਭਾਰੀ ਮੀਂਹ ਕਾਰਨ ਦੱਖਣੀ ਕੇਰਲ ਦੇ ਕਈ ਹਿੱਸਿਆਂ ਵਿਚ ਸੜਕਾਂ ‘ਤੇ ਪਾਣੀ ਭਰ ਗਿਆ ਹੈ, ਜਦਕਿ ਕੁਝ ਹਿੱਸਿਆਂ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਡੁੱਕੀ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਤਾਮਿਲਨਾਡੂ ਸਰਕਾਰ ਅਨੁਸਾਰ, ਮੁੱਲਾਪੇਰੀਆਰ ਡੈਮ ਵਿਚ ਪਾਣੀ ਦਾ ਪੱਧਰ ਐਤਵਾਰ ਸਵੇਰੇ 140 ਫੁੱਟ ਤੱਕ ਪਹੁੰਚ ਗਿਆ।

ਨਤੀਜੇ ਵਜੋਂ, ਪੇਰੀਆਰ ਨਦੀ ਦੇ ਦੋਵੇਂ ਕੰਢਿਆਂ ‘ਤੇ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਜੇਕਰ ਅਗਲੇ 24 ਘੰਟਿਆਂ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਡੈਮ ਦੇ ਗੇਟ ਖੋਲ੍ਹੇ ਜਾ ਸਕਦੇ ਹਨ। ਪਠਾਨਮਥਿਤਾ ਵਿਚ ਭਾਰੀ ਮੀਂਹ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਤਿਰੂਵਨੰਤਪੁਰਮ ਵਿਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਓਰੇਂਜ ਅਲਰਟ ਦੇ ਨਾਲ, ਕੋਲਮ, ਪਠਾਨਮਥਿਤਾ, ਅਲਾਪੁਝਾ, ਕੋਟਾਯਮ ਅਤੇ ਇਡੁੱਕੀ ਜ਼ਿਲ੍ਹਿਆਂ ਵਿਚ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।

ਆਈਐਮਡੀ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 16 ਨਵੰਬਰ ਤੱਕ ਕੇਰਲ ਵਿਚ ਇਕ ਜਾਂ ਦੋ ਥਾਵਾਂ ‘ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਰੈੱਡ ਅਲਰਟ 24 ਘੰਟਿਆਂ ਵਿਚ 20 ਸੈਂਟੀਮੀਟਰ ਤੋਂ ਵੱਧ ਦੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਨੂੰ ਦਰਸਾਉਂਦਾ ਹੈ, ਜਦੋਂ ਕਿ ਔਰੇਂਜ ਅਲਰਟ 6 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਬਹੁਤ ਭਾਰੀ ਮੀਂਹ ਦਾ ਸੰਕੇਤ ਦਿੰਦਾ ਹੈ। ਯੈਲੋ ਅਲਰਟ ਦਾ ਮਤਲਬ ਹੈ 6 ਤੋਂ 11 ਸੈਂਟੀਮੀਟਰ ਦਰਮਿਆਨ ਭਾਰੀ ਮੀਂਹ ਹੈ।

ਟੀਵੀ ਪੰਜਾਬ ਬਿਊਰੋ