ਸਚਿਨ- ਵਿਰਾਟ ਅੱਗੇ ਬੋਲਡ ਹੋਇਆ ਐਲਨ ਮਸਕ, ਬਹਾਲ ਕੀਤੇ ਬਲੂ ਟਿਕ

ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਕਰੋੜਾਂ ਫਾਲੋਅਰਜ਼ ਵਾਲੀਆਂ ਕਈ ਮਸ਼ਹੂਰ ਹਸਤੀਆਂ ਦੇ ਬਲੂ ਟਿੱਕ (ਵੈਰੀਫਿਕੇਸ਼ਨ ਬੈਜ) ਨੂੰ ਬਹਾਲ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਕੰਪਨੀ ਨੇ ਭੁਗਤਾਨ ਨਾ ਕਰਨ ਵਾਲੇ ਖਾਤਿਆਂ ਦੇ ਬਲੂ ਟਿੱਕ ਹਟਾ ਦਿੱਤੇ ਸਨ। ਇਹ ਕਦਮ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਇਸੇ ਹਫਤੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਤੋਂ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਰਗੀਆਂ ਮਸ਼ਹੂਰ ਹਸਤੀਆਂ ਤੇ ਸਿਆਸਤਦਾਨਾਂ ਦੇ ਟਵਿੱਟਰ ਖਾਤਿਆਂ ਤੋਂ ਬਲੂ ਟਿਕ ਹਟਾ ਦਿੱਤੇ ਗਏ ਸਨ। ਟਵਿੱਟਰ ਦੇ ਮਾਲਕ ਐਲਨ ਮਸਕ ਦੀ ਮਾਈਕ੍ਰੋਬਲਾਗਿੰਗ ਸਾਈਟ ਨੇ ਇਸੇ ਹਫਤੇ ਭੁਗਤਾਨ ਨਾ ਕਰਨ ਵਾਲੇ ਖਾਤਿਆਂ ਦੇ ਬਲੂ ਟਿਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ।

ਹੁਣ ਕਈ ਮਸ਼ਹੂਰ ਹਸਤੀਆਂ ਦੇ ਟਵਿੱਟਰ ਖਾਤਿਆਂ ‘ਤੇ ਬਲੂ ਟਿਕ ਹੈਰਾਨੀਜਨਕ ਰੂਪ ਨਾਲ ਵਾਪਸ ਆ ਗਏ ਹਨ। ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਵਰਗੇ ਚੋਟੀ ਦੇ ਕਿਕਟਰਾਂ ਦੇ ਬਲੂ ਟਿਕ ਹਟਾ ਦਿੱਤੇ ਗਏ ਸਨ ਪਰ ਹੁਣ ਉਨ੍ਹਾਂ ਦੇ ਟਵਿੱਟਰ ਖਾਤਿਆਂ ‘ਤੇ ਇਹ ਵਾਪਿਸ ਆ ਗਏ ਹਨ। ਹਾਲਾਂਕਿ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਕਿ ਕੀ ਇਨ੍ਹਾਂ ਲੋਕਾਂ ਵੱਲੋਂ ਇਸ ਦੇ ਲਈ ਭੁਗਤਾਨ ਕੀਤਾ ਗਿਆ ਹੈ।

ਸੋਸ਼ਲ਼ ਮੀਡੀਆ ਪਲੇਟਫਾਰਮ ‘ਤੇ ਨਜ਼ਰ ਰਖਣ ਵਾਲੇ ਬਰਲਿਨ ਦੇ ਇੱਕ ਸਾਫਟਵੇਰ ਡੇਵਲਪਰ ਟ੍ਰੇਵਿਸ ਬ੍ਰਾਊਨ ਮੁਤਾਬਕ ਇਨ੍ਹਾਂ ਲੋਕਾਂ ਨੇ ਬਲੂ ਟਿਕ ਵਾਪਸ ਲਿਆਉਣ ਲਈ ਆਪਣੇ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਹੈ।

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਟਵਿੱਟਰ ਖਾਤੇ ‘ਤੇ ਵੀ ਬਲੂ ਟਿਕ ਵਾਪਸ ਆ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਦੇ ਲਈ ਕੋਈ ਭੁਗਤਾਨ ਨਹੀਂ ਕੀਤਾ ਗਿਆ ਹੈ। ਨੋਬੇਲ ਐਵਾਰਡ ਜੇਤੂ ਮਲਾਲਾ ਯੂਸੁਫਜ਼ਈ ਨੇ ਬਲੂ ਟਿਕ ਮਿਲਣ ਦੀ ਖੁਸ਼ੀ ਟਵਿੱਟਰ ‘ਤੇ ਜ਼ਾਹਿਰ ਕੀਤੀ। ਬਲੂ ਟਿਕ ਬਹਾਲ ਕਰਨ ਨੂੰ ਲੈ ਕੇ ਟਵਿੱਟਰ ਵੱਲੋਂ ਹਾਲਾਂਕਿ ਕੋਈ ਬਿਆਨ ਨਹੀਂ ਆਇਆ ਹੈ।

ਕਈ ਅਜਿਹੇ ਮਸ਼ਹੂਰ ਲੋਕਾਂ ਦੇ ਟਵਿੱਟਰ ਖਾਤਿਆਂ ‘ਤੇ ਵੀ ਬਲੂ ਟਿਕ ਬਹਾਲ ਹੋ ਗਏ ਹਨ, ਜਿਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ, ਇਨ੍ਹਾਂ ਵਿੱਚ ਚੈਡਵਿਕ ਬੋਸਮੈਨ, ਕੋਬੇ ਬ੍ਰਾਇੰਟ, ਅਤੇ ਮਾਈਕਲ ਜੈਕਸਨ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਵਿਦੇਸ਼ੀ ਹਸਤੀਆਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਬਾਸਕੇਟਬਾਲ ਪਲੇਅਰ ਲੇਬ੍ਰਾਨ ਜੇਮਸ ਅਤੇ ਲੇਖਕ ਸਟੀਫਨ ਕਿੰਗ ਦਾ ਨਾਂ ਸ਼ਾਮਲ ਹੈ।

ਕੰਪਨੀ ਦੇ ਮਾਲਕ ਐਲਨ ਮਸਕ ਨੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ 21 ਅਪ੍ਰੈਲ ਨੂੰ ਕਿਹਾ ਸੀ ਕਿ ਉਹ ਕੁਝ ਖਾਤਿਆਂ ਲਈ ਖੁਦ ਭੁਗਤਾਨ ਕਰ ਰਹੇ ਹਨ। ਟਵਿੱਟਰ ਡੇਲੀ ਨਿਊਜ਼ ਨਾਂ ਦੇ ਇੱਕ ਹੈਂਡਲ ਨੇ ਟੈਕ ਵੈੱਬਸਾਈਟ ਦਿ ਵਰਜ ਦੀ ਇੱਕ ਰਿਪੋਰਟ ਸ਼ੇਅਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਟਵਿੱਟਰ ਕਹਿ ਰਿਹਾ ਹੈ ਕਿ ਲੈਬ੍ਰਾਨ ਜੇਮਸ ਅਤੇ ਦੂਜੀਆਂ ਹਸਤੀਆਂ ਨੇ ਬਲੂ ਟਿਕ ਲਈ ਭੁਗਤਾਨ ਕੀਤਾ, ਜਦਕਿ ਉਹ ਖੁਦ ਕਹਿ ਰਹੇ ਹਨ ਕਿ ਅਜਿਹਾ ਨਹੀਂ ਹੈ। ਮਸਕ ਨੇ ਇਸੇ ਦਾ ਜਵਾਬ ਦਿੱਤਾ ਸੀ।