ਹੜ੍ਹਾਂ ਕਾਰਣ ਖਰਾਬ ਹੋ ਰਹੀ ਬੱਚਿਆਂ ਦੀ ਪੜ੍ਹਾਈ, ਫਿਰ ਕੀਤੇ ਸਕੂਲ ਬੰਦ

ਡੈਸਕ- ਸਤਲੁਜ ਦਰਿਆ ਦੇ ਪਾਣੀ ਨੇ ਰੂਪਨਗਰ ਜ਼ਿਲ੍ਹੇ ਦੇ ਡੇਢ ਦਰਜਨ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ ਹੈ ਅਤੇ ਕਈ ਪਿੰਡਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਤੇਜ਼ ਬਰਸਾਤ ਕਾਰਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਢੁੱਕਣ ਮਗਰੋਂ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।

ਪ੍ਰਸ਼ਾਸਨ ਵੱਲੋਂ ਪਾਣੀ ਦੀ ਮਾਰ ਹੇਠ ਆਏ ਪਿੰਡ ਖਾਲੀ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਫੌਜ ਦੀ ਵੀ ਮਦਦ ਮੰਗੀ ਹੈ ਅਤੇ ਜ਼ਿਲ੍ਹੇ ਵਿੱਚ ਐੱਨਡੀਆਰਐੱਫ ਦੀਆਂ ਚਾਰ ਟੀਮਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਜ਼ਿਲ੍ਹਾ ਰੋਪੜ ਦੇ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲ ਅਤੇ ਆਂਗਨਵਾੜੀ ਸੈਂਟਰਾਂ ਬੰਦ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ਮੁਤਾਬਕ ਜ਼ਿਲ੍ਹੇ ਵਿਚ 37 ਵਿੱਦਿਅਕ ਸੰਸਥਾਵਾਂ 18 ਅਗਸਤ ਤੱਕ ਬੰਦ ਕਰ ਦਿੱਤੀਆਂ ਗਈਆਂ।

ਇਸ ਵਿਚ ਨੰਗਲ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਇਲਾਕੇ ਦੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਆਉਂਦੀਆਂ ਹਨ। ਮਿਲੀ ਜਾਣਕਾਰੀ ਅਨੁਸਾਰ 17 ਅਤੇ 18 ਅਗਸਤ ਨੂੰ ਸਕੂਲ ਤੇ ਆਂਗਣਵਾੜੀ ਸੈਂਟਰ ਬੰਦ ਰਹਿਣਗੇ। ਸਤਲੁਜ ਦਰਿਆ ਦਾ ਪਾਣੀ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਹਰਸਾ ਬੇਲਾ, ਚੰਦਪੁਰ, ਗੱਜਪੁਰ, ਹਰੀਵਾਲ, ਮਹਿੰਦਲੀ ਕਲਾਂ, ਬੇਲਾ ਧਿਆਨੀ, ਭਲਾਣ, ਪੱਤੀ ਦੁਲਚੀ ਆਦਿ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਇਨ੍ਹਾਂ ਪਿੰਡਾਂ ਤੋਂ ਇਲਾਵਾ ਦਰਿਆ ਨੇ ਕਈ ਹੋਰ ਪਿੰਡਾਂ ਵਿੱਚ ਫ਼ਸਲਾਂ ਤੇ ਹਰੇ-ਚਾਰੇ ਦਾ ਵੀ ਨੁਕਸਾਨ ਕੀਤਾ ਹੈ।

ਇਸ ਦੌਰਾਨ ਸ਼ਾਹਪੁਰ ਬੇਲਾ, ਹਰਸਾ ਬੇਲਾ, ਅਮਰਪੁਰ ਬੇਲਾ, ਸ਼ਿਵ ਸਿੰਘ ਬੇਲਾ, ਪੱਤੀ ਦੁਲਚੀ, ਪੱਤੀ ਟੇਕ ਸਿੰਘ, ਸੈਂਸੋਵਾਲ ਆਦਿ ਦਰਜਨ ਪਿੰਡ ਹਨ ਜਿਨ੍ਹਾਂ ਦਾ ਇਲਾਕੇ ਨਾਲੋਂ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ।