ਮਾਂਟਰੀਆਲ ’ਚ ਯਹੂਦੀ ਸਕੂਲਾਂ ’ਤੇ ਗੋਲੀਬਾਰੀ

Montreal – 6 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਵਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਕੈਨੇਡਾ ਸਮੇਤ ਕਈ ਦੇਸ਼ਾਂ ’ਚ ਯਹੂਦੀਆਂ ’ਤੇ ਹਮਲਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਤਾਜ਼ਾ ਮਾਮਲਾ ਕੈਨੇਡਾ ਦੇ ਮਾਂਟਰੀਆਲ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਕੋਟ-ਡੇਸ-ਨੀਗੇਸ-ਨੋਟਰੇ-ਡੇਮ-ਡੇ-ਗ੍ਰੇਸ ਬੋਰੋ ’ਚ ਦੋ ਯਹੂਦੀ ਸਕੂਲਾਂ ਨੂੰ ਰਾਤ ਭਰ ਗੋਲੀਬਾਰੀ ਦਾ ਸ਼ਿਕਾਰ ਬਣਾਇਆ ਗਿਆ। ਪੁਲਿਸ ਵਲੋਂ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ।
ਪਹਿਲੀ ਘਟਨਾ ਦੀ ਸੂਚਨਾ ਪੁਲਿਸ ਨੂੰ ਵੀਰਵਾਰ ਸਵੇਰੇ 8:20 ਵਜੇ ਦਿੱਤੀ ਗਈ ਜਦੋਂ ਮਾਂਟਰੀਅਲ ਇੰਕ. ਦੇ ਯੂਨਾਈਟਿਡ ਤਾਲਮਡ ਟੋਰਾਜ਼ ਦੇ ਇੱਕ ਮੈਂਬਰ ਨੂੰ ਸਕੂਲ ਦੇ ਇੱਕ ਦਰਵਾਜ਼ੇ ’ਚ ਗੋਲੀ ਦਾ ਛੇਕ ਮਿਲਿਆ। ਸੇਂਟ-ਕੇਵਿਨ ਅਤੇ ਵਿਕਟੋਰੀਆ ਅਵੈਨਿਊ ’ਤੇ ਸਥਿਤ ਇਸ ਸੰਸਥਾ ’ਚ ਇੱਕ ਐਲੀਮੈਂਟਰੀ ਅਤੇ ਹਾਈ ਸਕੂਲ ਸ਼ਾਮਿਲ ਹਨ।
ਵੀਰਵਾਰ ਨੂੰ ਲਗਭਗ 30 ਮਿੰਟ ਬਾਅਦ, ਕਿਸੇ ਨੇ 911 ’ਤੇ ਕਾਲ ਕਰਕੇ ਦੱਸਿਆ ਕਿ ਯੇਸ਼ੀਵਾ ਗੇਡੋਲਾਹ, ਇੱਕ ਯਹੂਦੀ ਸਕੂਲ, ਜਿਸ ’ਚ ਡੇ-ਕੇਅਰ ਵੀ ਸ਼ਾਮਲ ਹੈ, ਦੇ ਦਰਵਾਜ਼ੇ ’ਚ ਇੱਕ ਗੋਲੀ ਦਾ ਛੇਕ ਮਿਲਿਆ ਹੈ। ਸਕੂਲ ਵਿਮੀ ਐਵੇਨਿਊ ਅਤੇ ਡੀਕਨ ਰੋਡ ਦੇ ਚੌਰਾਹੇ ਦੇ ਨੇੜੇ ਹੈ। ਪੁਲਿਸ ਨੇ ਵੀਰਵਾਰ ਨੂੰ ਦੋਵੇਂ ਥਾਵਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸਕੂਲ ਖਾਲੀ ਸਨ ਅਤੇ ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ’ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਇਨ੍ਹਾਂ ਦੋਹਾਂ ਮਾਮਲਿਆਂ ’ਚ ਪੁਲਿਸ ਵਲੋਂ ਕੋਈ ਗਿ੍ਰਫ਼ਤਾਰੀ ਨਹੀਂ ਕੀਤੀ ਗਈ ਹੈ।