● On air now · ਟੀਵੀ ਪੰਜਾਬ

Punjabi News · Since 2013

Breaking

ਅਮਰੀਕਾ ਦੇ ਟੈਰਿਫਾਂ ਦਾ ਕੈਨੇਡਾ ਦੇਵੇਗਾ ਮੂੰਹਤੋੜ ਜਵਾਬ! CANADA NEWS BULLETIN

VANCOUVER: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਤੋਂ ਚਾਰ ਸਾਲ ਬਾਅਦ, ਇੱਕ ਵਾਰ ਫਿਰ ਹੋਲੋਗ੍ਰਾਮ ਦੇ ਰੂਪ ਵਿੱਚ ਸਟੇਜ ‘ਤੇ ਵਾਪਸੀ ਕਰਨ ਜਾ ਰਹੇ ਹਨ। ਮਰਹੂਮ ਗਾਇਕ ਦੀ ਟੀਮ ਅਨੁਸਾਰ, ‘ਸਾਈਨਡ ਟੂ ਗੌਡ’ ਹੋਲੋਗ੍ਰਾਮ ਵਰਲਡ ਟੂਰ ਦੀ ਸ਼ੁਰੂਆਤ ਕੈਨੇਡਾ ਦੇ ਟੋਰਾਂਟੋ…


VANCOUVER: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਤੋਂ ਚਾਰ ਸਾਲ ਬਾਅਦ, ਇੱਕ ਵਾਰ ਫਿਰ ਹੋਲੋਗ੍ਰਾਮ ਦੇ ਰੂਪ ਵਿੱਚ ਸਟੇਜ ‘ਤੇ ਵਾਪਸੀ ਕਰਨ ਜਾ ਰਹੇ ਹਨ। ਮਰਹੂਮ ਗਾਇਕ ਦੀ ਟੀਮ ਅਨੁਸਾਰ, ‘ਸਾਈਨਡ ਟੂ ਗੌਡ’ ਹੋਲੋਗ੍ਰਾਮ ਵਰਲਡ ਟੂਰ ਦੀ ਸ਼ੁਰੂਆਤ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਹੋਵੇਗੀ। ਮੈਪਲ ਲੀਫ ਸਪੋਰਟਸ ਐਂਡ ਐਂਟਰਟੇਨਮੈਂਟ ਨੇ ਦੱਸਿਆ ਕਿ ਇਹ ਸ਼ੋਅ 8 ਅਕਤੂਬਰ ਨੂੰ ‘ਸਕੋਸ਼ੀਆ ਬੈਂਕ ਅਰੇਨਾ’ ਵਿੱਚ ਕਰਵਾਇਆ ਜਾਵੇਗਾ। ਅਧਿਕਾਰਤ ਵੈੱਬਸਾਈਟ ਮੁਤਾਬਕ, ਇਸ ਟੂਰ ਵਿੱਚ 3D ਹੋਲੋਗ੍ਰਾਮ ਤਕਨਾਲੋਜੀ ਰਾਹੀਂ ਸਿੱਧੂ ਮੂਸੇਵਾਲਾ ਦੀ ਅਸਲ ਆਵਾਜ਼, ਸ਼ਾਨਦਾਰ ਵਿਜ਼ੂਅਲ ਅਤੇ ਸਟੇਜ ਇਫੈਕਟਸ ਦਾ ਸੁਮੇਲ ਦੇਖਣ ਨੂੰ ਮਿਲੇਗਾ। ਸਿੱਧੂ ਮੂਸੇਵਾਲਾ ਨੇ 2017 ਵਿੱਚ ਆਪਣੇ ਗਾਣੇ ‘ਸੋ ਹਾਈ’ ਨਾਲ ਵੱਡੀ ਪਛਾਣ ਬਣਾਈ ਸੀ, ਜਦੋਂ ਉਹ ਬ੍ਰੈਂਪਟਨ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸਨ। ਭੰਗੜੇ ਅਤੇ ਹਿੱਪ-ਹੌਪ ਦੇ ਉਨ੍ਹਾਂ ਦੇ ਵੱਖਰੇ ਅੰਦਾਜ਼ ਨੇ ਕੈਨੇਡਾ, ਬ੍ਰਿਟੇਨ ਅਤੇ ਪੂਰੀ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਬਣਾਏ। 29 ਮਈ 2022 ਨੂੰ ਪੰਜਾਬ ਵਿੱਚ 28 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਨੂੰ ਗੈਂਗਵਾਰ ਨਾਲ ਜੋੜਿਆ ਸੀ। ਉਹ 2021 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਵੀ ਆਏ ਸਨ, ਪਰ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਸੰਗੀਤ ਕੈਨੇਡੀਅਨ ਚਾਰਟਸ ਵਿੱਚ ਛਾਇਆ ਰਿਹਾ। ਉਨ੍ਹਾਂ ਦੇ ਗਾਣੇ ‘ਬਰੋਟਾ’ ਅਤੇ ‘ਡ੍ਰਿਪੀ’ ਬਿਲਬੋਰਡ ਕੈਨੇਡਾ ਹੌਟ 100 ਚਾਰਟ ਵਿੱਚ ਉੱਚੇ ਮੁਕਾਮ ‘ਤੇ ਰਹੇ। ‘ਸਾਈਨਡ ਟੂ ਗੌਡ’ ਟੂਰ ਦੇ ਤਹਿਤ ਪੰਜਾਬ, ਲੰਡਨ ਅਤੇ ਲਾਸ ਏਂਜਲਸ ਵਿੱਚ ਵੀ ਸ਼ੋਅ ਕਰਨ ਦਾ ਵਾਅਦਾ ਕੀਤਾ ਗਿਆ ਹੈ, ਪਰ ਉਨ੍ਹਾਂ ਦੀਆਂ ਤਾਰੀਖਾਂ ਦਾ ਐਲਾਨ ਅਜੇ ਬਾਕੀ ਹੈ। ਟੋਰਾਂਟੋ ਸ਼ੋਅ ਲਈ ਟਿਕਟਾਂ ਦੀ ਪ੍ਰੀ-ਸੇਲ 25 ਅਗਸਤ ਅਤੇ ਆਮ ਜਨਤਾ ਲਈ ਵਿਕਰੀ 26 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਆਯੋਜਕਾਂ ਅਨੁਸਾਰ ਇਹ ਪਹਿਲਾ ਹੋਲੋਗ੍ਰਾਮ ਟੂਰ ਹੋਵੇਗਾ, ਹਾਲਾਂਕਿ ਕੈਨੇਡਾ ਵਿੱਚ ਇਸ ਤੋਂ ਪਹਿਲਾਂ ਵੀ 2019 ਅਤੇ 2022 ਵਿੱਚ ਕੁਝ ਹੋਲੋਗ੍ਰਾਮ ਸ਼ੋਅ ਦੇਖਣ ਨੂੰ ਮਿਲੇ ਹਨ।

ਅਦਾਲਤ ਦੇ ਇੱਕ ਫੈਸਲੇ ਅਨੁਸਾਰ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇੱਕ ਫਲਾਈਟ ਅਟੈਂਡੈਂਟ ਨੂੰ ਕੈਨੇਡਾ ਦੀਆਂ ਜਾਅਲੀ ਬੋਰਡਰ ਸਟੈਂਪਾਂ ਦੀ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। 46 ਸਾਲਾ ਏਅਰ ਹੋਸਟੇਸ ਹੀਨਾ ਸਾਨੀ ਨੂੰ ਉਦੋਂ ਦੋਸ਼ੀ ਠਹਿਰਾਇਆ ਗਿਆ, ਜਦੋਂ ਅਧਿਕਾਰੀਆਂ ਨੂੰ ਉਸ ਦੇ ਸੂਟਕੇਸ ਵਿੱਚੋਂ ‘ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ’ ਦੀਆਂ ਦੋ ਜਾਅਲੀ ਪੋਰਟ ਸਟੈਂਪਾਂ ਮਿਲੀਆਂ। ਹੀਨਾ ਨੂੰ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ 28 ਮਾਰਚ 2024 ਨੂੰ ਗ੍ਰਿਫ਼ਤਾਰ ਕਰਦਿਆਂ ਜਾਅਲੀ ਮੋਹਰਾਂ ਬਰਾਮਦ ਕੀਤੀਆਂ ਗਈਆਂ ਸਨ। ਇਥੇ ਦਸਣਾ ਬਣਦਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਕਿਸੇ ਵੀ ਸ਼ਖਸ ਦੇ ਪਾਸਪੋਰਟ ’ਤੇ ਕੈਨੇਡਾ ਦੇ ਪਾਸਪੋਰਟ ਅਫ਼ਸਰ ਮੋਹਰ ਲਾਉਂਦੇ ਹਨ, ਜੋ ਉਸ ਦੀ ਕਾਨੂੰਨੀ ਐਂਟਰੀ ਦਾ ਸਬੂਤ ਹੁੰਦੀ ਹੈ। ਹਾਲਾਂਕਿ, ਅਦਾਲਤ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਹੀਨਾ ਸਾਨੀ ਇਹ ਜਾਅਲੀ ਦਸਤਾਵੇਜ਼ ਕਿਉਂ ਲੈ ਕੇ ਜਾ ਰਹੀ ਸੀ ਜਾਂ ਇਹ ਕਿਸ ਦੀ ਵਰਤੋਂ ਲਈ ਸਨ। ਅਦਾਲਤੀ ਕਾਰਵਾਈ ਦੌਰਾਨ ਹੀਨਾ ਸਾਨੀ ਨੇ ਕਿਹਾ ਕਿ ਇਹ ਸਟੈਂਪਾਂ ਉਸ ਦੇ ਇੱਕ ਜਾਣਕਾਰ ਦੀਆਂ ਸਨ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਿਰਫ਼ ਕਿਸੇ ਹੋਰ ਦੇ ਕਹਿਣ ‘ਤੇ ਇਹ ਸਾਮਾਨ ਲੈ ਕੇ ਜਾ ਰਹੀ ਸੀ। ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀ ਅਕਸਰ ਯਾਤਰੀਆਂ ਅਤੇ ਏਅਰਲਾਈਨ ਸਟਾਫ਼ ਨੂੰ ਚੇਤਾਵਨੀ ਦਿੰਦੇ ਹਨ ਕਿ ਉਹ ਸਾਮਾਨ ਦੇ ਅੰਦਰੂਨੀ ਹਿੱਸੇ ਨੂੰ ਜਾਣੇ ਬਿਨਾਂ ਕਿਸੇ ਹੋਰ ਵਿਅਕਤੀ ਦਾ ਕੋਈ ਪੈਕੇਜ, ਦਸਤਾਵੇਜ਼ ਜਾਂ ਸਾਮਾਨ ਨਾਲ ਨਾ ਲੈ ਕੇ ਜਾਣ। ਅਦਾਲਤ ਨੇ ਹੀਨਾ ਸਾਨੀ ਨੂੰ ਜਾਅਲੀ ਸਟੈਂਪਾਂ ਰੱਖਣ ਅਤੇ ਉਨ੍ਹਾਂ ਦੀ ਤਸਕਰੀ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ ਦੇ ਪਿੱਛੇ ਦੇ ਵਿਆਪਕ ਹਾਲਾਤਾਂ ‘ਤੇ ਅਜੇ ਵੀ ਕਈ ਸਵਾਲ ਬਣੇ ਹੋਏ ਹਨ, ਜਿਵੇਂ ਕਿ ਇਹ ਜਾਅਲੀ ਸਟੈਂਪਾਂ ਕਿਵੇਂ ਪ੍ਰਾਪਤ ਕੀਤੀਆਂ ਗਈਆਂ ਸਨ ਅਤੇ ਕੀ ਇਸ ਵਿੱਚ ਕੋਈ ਹੋਰ ਲੋਕ ਵੀ ਸ਼ਾਮਲ ਸਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਲੱਗਦੀ ਝੀਲ ਦਾ ਨਾਂ ਬਦਲਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਹ ‘ਲੇਕ ਓਨਟਾਰੀਓ’ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਰੱਖਣ ਬਾਰੇ ਵਿਚਾਰ ਕਰ ਰਹੇ ਹਨ। ‘ਲੇਕ ਓਨਟਾਰੀਓ’ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ‘ਤੇ ਸਥਿਤ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਟੈਰਿਫ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ। ਨਿਊਜ਼ ਏਜੰਸੀ Associated Press (AP) ਮੁਤਾਬਕ, ਲੇਕ ਓਨਟਾਰੀਓ ਦਾ ਨਾਂ ਬਦਲਣ ਸਬੰਧੀ ਫਿਲਹਾਲ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਰਸਮੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਕਿਸੇ ਜਗ੍ਹਾ ਦਾ ਨਾਂ ਬਦਲਣ ਦੀ ਗੱਲ ਕੀਤੀ ਹੋਵੇ। ਜਨਵਰੀ 2025 ਵਿੱਚ, ਉਨ੍ਹਾਂ ਨੇ ਅਮਰੀਕੀ ਸਰਕਾਰੀ ਦਸਤਾਵੇਜ਼ਾਂ ਵਿੱਚ ‘ਗਲਫ਼ ਆਫ਼ ਮੈਕਸੀਕੋ’ ਨੂੰ ‘ਗਲਫ਼ ਆਫ਼ ਅਮਰੀਕਾ’ ਕਹਿਣ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਉਸ ਫੈਸਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਨਹੀਂ ਮਿਲੀ ਸੀ। ‘ਲੇਕ ਓਨਟਾਰੀਓ’ ਉੱਤਰੀ ਅਮਰੀਕਾ ਦੀਆਂ ਪੰਜ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ। ਇਸ ਦਾ ਉੱਤਰੀ ਕਿਨਾਰਾ ਕੈਨੇਡਾ ਦੇ ਓਨਟਾਰੀਓ ਪ੍ਰਾਂਤ ਨਾਲ ਅਤੇ ਦੱਖਣੀ ਕਿਨਾਰਾ ਅਮਰੀਕਾ ਦੇ ਨਿਊਯਾਰਕ ਰਾਜ ਨਾਲ ਜੁੜਿਆ ਹੋਇਆ ਹੈ। ਇਹ ਝੀਲ ਦੋਵਾਂ ਦੇਸ਼ਾਂ ਲਈ ਪੀਣ ਦੇ ਪਾਣੀ, ਸਾਮਾਨ ਦੀ ਆਵਾਜਾਈ, ਮੱਛੀ ਪਾਲਣ ਅਤੇ ਸੈਰ-ਸਪਾਟੇ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। ਸੈਂਟ ਲਾਰੈਂਸ ਨਦੀ ਰਾਹੀਂ ਇਹ ਅਟਲਾਂਟਿਕ ਮਹਾਸਾਗਰ ਨਾਲ ਜੁੜਦੀ ਹੈ, ਇਸ ਲਈ ਇੱਥੋਂ ਵਪਾਰਕ ਸਾਮਾਨ ਦੀ ਆਵਾਜਾਈ ਵੀ ਹੁੰਦੀ ਹੈ। ਝੀਲ ਦੀ ਦੇਖਭਾਲ ਅਤੇ ਸੁਰੱਖਿਆ ਲਈ ਅਮਰੀਕਾ ਅਤੇ ਕੈਨੇਡਾ ਮਿਲ ਕੇ ਕੰਮ ਕਰਦੇ ਹਨ ਅਤੇ ਕਈ ਸਮਝੌਤੇ ਵੀ ਕਰ ਚੁੱਕੇ ਹਨ। ਮਾਹਿਰਾਂ ਮੁਤਾਬਕ, ਅਮਰੀਕਾ ਆਪਣੇ ਸਰਕਾਰੀ ਰਿਕਾਰਡ, ਨਕਸ਼ਿਆਂ ਅਤੇ ਦਸਤਾਵੇਜ਼ਾਂ ਵਿੱਚ ਕਿਸੇ ਸਥਾਨ ਦਾ ਨਾਂ ਬਦਲ ਸਕਦਾ ਹੈ। ਪਰ ਜੇਕਰ ਉਹ ਸਥਾਨ ਕਿਸੇ ਦੂਜੇ ਦੇਸ਼ ਨਾਲ ਸਾਂਝਾ ਹੈ, ਤਾਂ ਨਵਾਂ ਨਾਂ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਵਾਨ ਨਹੀਂ ਹੁੰਦਾ। ਯਾਨੀ ਅਮਰੀਕਾ ਆਪਣੇ ਰਿਕਾਰਡ ਵਿੱਚ ਇਸ ਨੂੰ ਨਵਾਂ ਨਾਂ ਦੇ ਸਕਦਾ ਹੈ, ਪਰ ਕੈਨੇਡਾ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਇਸ ਨੂੰ ਮੰਨਣ ਲਈ ਪਾਬੰਦ ਨਹੀਂ ਹੋਣਗੀਆਂ। ਇਹੀ ਸਥਿਤੀ ‘ਗਲਫ਼ ਆਫ਼ ਅਮਰੀਕਾ’ ਦੇ ਮਾਮਲੇ ਵਿੱਚ ਵੀ ਦੇਖਣ ਨੂੰ ਮਿਲੀ ਸੀ। ਟਰੰਪ ਦੇ ਹੁਕਮ ਤੋਂ ਬਾਅਦ ਅਮਰੀਕਾ ਨੇ ਇਸ ਨੂੰ ਆਪਣੇ ਰਿਕਾਰਡ ਵਿੱਚ ਲਾਗੂ ਕਰ ਦਿੱਤਾ, ਪਰ ਮੈਕਸੀਕੋ ਅਤੇ ਦੂਜੇ ਦੇਸ਼ਾਂ ਨੇ ਪੁਰਾਣੇ ਨਾਂ ਦੀ ਵਰਤੋਂ ਹੀ ਜਾਰੀ ਰੱਖੀ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫ਼ ਕਰ ਦਿੱਤਾ ਹੈ ਕਿ ਕੈਨੇਡਾ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੈ, ਪਰ ਉਹ ਅਮਰੀਕਾ ਦੀ ‘ਕਠਪੁਤਲੀ’ ਵਾਂਗ ਕੰਮ ਨਹੀਂ ਕਰੇਗਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੇ ਸਾਮਾਨ ‘ਤੇ 50 ਫੀਸਦੀ ਤੱਕ ਦਾ ਭਾਰੀ ਟੈਰਿਫ ਲਗਾਉਣ ਤੋਂ ਬਾਅਦ ਆਇਆ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਸੀਂ ਅਜਿਹਾ ਕੋਈ ਸਮਝੌਤਾ ਪ੍ਰਵਾਨ ਨਹੀਂ ਕਰਾਂਗੇ ਜੋ ਕੈਨੇਡਾ ਦੇ ਉਦਯੋਗਾਂ ਨੂੰ ਨੁਕਸਾਨ ਪਹੁੰਚਾਵੇ ਜਾਂ ਸਾਡੀ ਆਜ਼ਾਦੀ ‘ਤੇ ਸੱਟ ਮਾਰੇ। ਦੋਵਾਂ ਦੇਸ਼ਾਂ ਦੇ ਫਾਇਦੇ ਲਈ ਅਜਿਹਾ ਸਮਝੌਤਾ ਹੋਣਾ ਚਾਹੀਦਾ ਹੈ ਜੋ ਦੋਵਾਂ ਦੀ ਆਜ਼ਾਦੀ ਦਾ ਸਤਿਕਾਰ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਇਹ ਕਦਮ ਖੁਦ ਅਮਰੀਕੀ ਮਜ਼ਦੂਰਾਂ ਲਈ ਵੀ ਨੁਕਸਾਨਦੇਹ ਹੈ, ਕਿਉਂਕਿ ਕੈਨੇਡਾ ਉਨ੍ਹਾਂ ਦੀਆਂ ਗੱਡੀਆਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਦੂਜੇ ਪਾਸੇ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਪੂਰੀ ਦੁਨੀਆ ਅਮਰੀਕਾ ਦੇ ਇਸ ਰਵੱਈਏ ਨੂੰ ਦੇਖ ਰਹੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕਾ ਨੂੰ ਬਿਜਲੀ ਦੀ ਸਪਲਾਈ ਰੋਕਣ ਦੀ ਧਮਕੀ ਦਿੱਤੀ ਹੈ, ਜਿਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ‘ਤੇ ਕੈਨੇਡੀਅਨ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ। ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਕਿਹਾ ਕਿ ਹੁਣ ਅਮਰੀਕਾ ਨੂੰ ਸਖ਼ਤ ਜਵਾਬ ਦੇਣ ਦਾ ਵੇਲਾ ਆ ਗਿਆ ਹੈ। ਕੈਨੇਡਾ ਸਰਕਾਰ ਜਲਦੀ ਹੀ ਅਮਰੀਕੀ ਸਾਮਾਨ ‘ਤੇ ਵੀ ਬਰਾਬਰ ਦਾ ਟੈਕਸ ਲਗਾਉਣ ਦਾ ਐਲਾਨ ਕਰੇਗੀ, ਜਿਸ ਵਿੱਚ ਸਟੀਲ, ਡੇਅਰੀ, ਕਾਗਜ਼, ਅਤੇ ਇਲੈਕਟ੍ਰੌਨਿਕਸ ਵਰਗੀਆਂ ਚੀਜ਼ਾਂ ਸ਼ਾਮਲ ਹੋਣਗੀਆਂ। ਟਰੰਪ ਵੱਲੋਂ ਲਗਾਏ ਗਏ ਟੈਕਸਾਂ ਨਾਲ ਕੈਨੇਡਾ ਦੀ ਆਰਥਿਕਤਾ ਨੂੰ 0.3 ਤੋਂ 0.5 ਫੀਸਦੀ ਤੱਕ ਨੁਕਸਾਨ ਹੋ ਸਕਦਾ ਹੈ। ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਤੇ ਕਿਊਬੈਕ ਵਰਗੇ ਸੂਬਿਆਂ ਦੇ ਵਪਾਰ ‘ਤੇ ਇਸ ਦਾ ਸਭ ਤੋਂ ਵੱਧ ਬੁਰਾ ਅਸਰ ਪੈਣ ਦਾ ਖਦਸ਼ਾ ਹੈ। ਇਸ ਨੁਕਸਾਨ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਆਪਣੇ ਮਜ਼ਦੂਰਾਂ ਅਤੇ ਛੋਟੇ-ਵੱਡੇ ਵਪਾਰੀਆਂ ਦੀ ਮਦਦ ਲਈ ਵਿਸ਼ੇਸ਼ ਆਰਥਿਕ ਪੈਕੇਜ ਤਿਆਰ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੇ ਰੋਜ਼ਗਾਰ ਬਚਾਏ ਜਾ ਸਕਣ।

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਤਿੱਖੀ ਜ਼ਬਾਨੀ ਜੰਗ ਛਿੜ ਗਈ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡੱਗ ਫੋਰਡ ਨੇ ਡੋਨਾਲਡ ਟਰੰਪ ਨੂੰ “ਲੂਜ਼ਰ” ਕਿਹਾ। ਫੋਰਡ ਦੇ ਬੋਲਣ ਤੋਂ ਕੁਝ ਸਮਾਂ ਪਹਿਲਾਂ, ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ)’ਤੇ ਇੱਕ ਸੁਨੇਹਾ ਪੋਸਟ ਕੀਤਾ। ਟਰੰਪ ਨੇ ਲਿਖਿਆ ਕਿ ਡੱਗ ਫੋਰਡ ਓਨਟਾਰੀਓ ਦੇ ਸਾਬਕਾ ਮੇਅਰ ਰੌਬ ਫੋਰਡ ਦੇ ਘੱਟ ਸਮਝਦਾਰ ਅਤੇ ਘੱਟ ਪ੍ਰਭਾਵਸ਼ਾਲੀ ਭਰਾ ਹਨ। ਟਰੰਪ ਨੇ ਇਹ ਵੀ ਕਿਹਾ ਕਿ ਕੈਨੇਡਾ ਅਮਰੀਕਾ ਦਾ ਫਾਇਦਾ ਚੁੱਕ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੈਨੇਡਾ ਨੂੰ ਮਿਲਣ ਵਾਲੀ ਬਿਜਲੀ, ਤੇਲ ਅਤੇ ਗੈਸ ਅਮਰੀਕਾ ਰਾਹੀਂ ਜਾਂਦੀ ਹੈ, ਇਸ ਲਈ ਕੈਨੇਡਾ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਨਹੀਂ ਤਾਂ ਨਤੀਜੇ ਮਾੜੇ ਹੋ ਸਕਦੇ ਹਨ। ਹੈਮਿਲਟਨ ਵਿੱਚ ਗੱਲਬਾਤ ਕਰਦਿਆਂ ਡੱਗ ਫੋਰਡ ਨੇ ਟਰੰਪ ‘ਤੇ ਪਲਟਵਾਰ ਕੀਤਾ। ਫੋਰਡ ਨੇ ਕਿਹਾ ਕਿ ਮੈਂ ਟਰੰਪ ਵਰਗੇ ਤਾਨਾਸ਼ਾਹ ਅਤੇ ਧੌਂਸ ਜਮਾਉਣ ਵਾਲੇ ਵਿਅਕਤੀ ਨੂੰ ਜਵਾਬ ਨਹੀਂ ਦਿੰਦਾ। ਮੈਂ ਉਸ ਇਨਸਾਨ ਤੋਂ ਕੋਈ ਸਲਾਹ ਨਹੀਂ ਲਵਾਂਗਾ ਜੋ ਦਿਵਾਲੀਆ ਹੋਣ ਦਾ ਬਾਦਸ਼ਾਹ ਹੈ। ਫੋਰਡ ਨੇ ਇਹ ਵੀ ਕਿਹਾ ਕਿ ਉਹ ਇਸ ਵਿਅਕਤੀ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਟਰੰਪ ਵੱਲੋਂ ਲਗਾਈਆਂ ਗਈਆਂ ਨਵੀਆਂ ਟੈਰਿਫ ਦਰਾਂ ਕਾਰਨ ਕੈਨੇਡਾ ਵਿੱਚ ਸਿਆਸੀ ਹਲਚਲ ਵੱਧ ਗਈ ਹੈ। ਓਨਟਾਰੀਓ ਦੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਤੁਰੰਤ ਬੁਲਾਇਆ ਜਾਵੇ ਤਾਂ ਜੋ ਪ੍ਰਭਾਵਿਤ ਮਜ਼ਦੂਰਾਂ ਅਤੇ ਕਾਰੋਬਾਰਾਂ ਦੀ ਮਦਦ ਲਈ ਐਮਰਜੈਂਸੀ ਬਿੱਲ ਪਾਸ ਕੀਤਾ ਜਾ ਸਕੇ। ਐਨਡੀਪੀ ਨੇਤਾ ਮੈਰਿਟ ਸਟਾਈਲਜ਼ ਅਤੇ ਲਿਬਰਲ ਨੇਤਾ ਜੌਨ ਫਰੇਜ਼ਰ ਨੇ ਕਿਹਾ ਕਿ ਸਾਰੇ ਨੇਤਾਵਾਂ ਨੂੰ ਮਿਲ ਕੇ ਟਰੰਪ ਦੇ ਇਨ੍ਹਾਂ ਫੈਸਲਿਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਹਾਲਾਂਕਿ, ਡੱਗ ਫੋਰਡ ਨੇ ਵਿਧਾਨ ਸਭਾ ਦਾ ਸੈਸ਼ਨ ਜਲਦੀ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੀ ਇਸ ਮੰਗ ਨੂੰ ਗੰਦੀ ਰਾਜਨੀਤੀ ਦੱਸਿਆ ਅਤੇ ਕਿਹਾ ਕਿ ਉਹ ਇਸ ਸਮੇਂ ਓਨਟਾਰੀਓ ਦੀ ਰੱਖਿਆ ਕਰਨ ਵਿੱਚ ਬਹੁਤ ਰੁੱਝੇ ਹੋਏ ਹਨ।

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਇੱਕ ਪ੍ਰੋਗਰਾਮ ਦੌਰਾਨ ਗਲਤੀ ਨਾਲ ਕੈਨੇਡਾ ਨੂੰ ਅਮਰੀਕਾ ਦਾ ਇੱਕ ‘ਰਾਜ’ ਕਹਿ ਦਿੱਤਾ। ਬਾਅਦ ਵਿੱਚ ਉਨ੍ਹਾਂ ਹੱਸਦੇ ਹੋਏ ਸਪੱਸ਼ਟੀਕਰਨ ਦਿੱਤਾ ਕਿ ਇਹ ਜ਼ੁਬਾਨ ਫਿਸਲਣ ਕਾਰਨ ਹੋਇਆ ਸੀ। ਇੱਕ ਸਿਆਸੀ ਸਮਾਗਮ ਦੌਰਾਨ ਉਨ੍ਹਾਂ ਨੇ ਕੈਨੇਡਾ ਦੀ ਵਪਾਰ ਅਤੇ ਰੱਖਿਆ ਨੀਤੀ ਦੀ ਸਖ਼ਤ ਆਲੋਚਨਾ ਕੀਤੀ। ਵੈਂਸ ਨੇ ਕਿਹਾ ਕਿ ਕੈਨੇਡਾ ਨੇ ਆਪਣੀ ਫੌਜ ਵਿੱਚ ਲੋੜੀਂਦਾ ਨਿਵੇਸ਼ ਨਹੀਂ ਕੀਤਾ ਅਤੇ ਅਮਰੀਕਾ ਦੀ ਸੁਰੱਖਿਆ ਛਤਰੀ ਤੋਂ ਲਾਭ ਲੈਂਦਾ ਹੈ। ਵੈਂਸ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਅਜੇ ਜਾਰੀ ਹੈ। ਹਾਲਾਂਕਿ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਹਫ਼ਤੇ ਆਪਣੀ ਟੀਮ ਨੂੰ ਵਾਪਸ ਬੁਲਾ ਲਿਆ ਸੀ। ਕਾਰਨੀ ਨੇ ਕਿਹਾ ਕਿ ਕੈਨੇਡਾ ਉਦੋਂ ਹੀ ਗੱਲਬਾਤ ਦੀ ਮੇਜ਼ ’ਤੇ ਵਾਪਸ ਆਵੇਗਾ, ਜਦੋਂ ਅਮਰੀਕਾ ਨਿਰਪੱਖ ਰਵੱਈਆ ਅਪਣਾਏਗਾ ਅਤੇ ਕੈਨੇਡਾ ਦੀ ਖੁਦਮੁਖਤਿਆਰੀ ਦਾ ਸਨਮਾਨ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕੈਨੇਡਾ ’ਤੇ ਦਬਾਅ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਅਮਰੀਕੀ ਸੂਬਾ ਬਣੇ ਬਿਨਾਂ ਸਾਰੇ ਫਾਇਦੇ ਲੈਣਾ ਚਾਹੁੰਦਾ ਹੈ। ਟਰੰਪ ਨੇ ਕੈਨੇਡੀਅਨ ਕਾਰਾਂ ਅਤੇ ਆਟੋ ਪਾਰਟਸ ’ਤੇ ਹੋਰ ਟੈਰਿਫ਼ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਨੇ ਕਾਰਨੀ ਨੂੰ ਮੁੜ “ਗਵਰਨਰ” ਕਹਿ ਕੇ ਸੰਬੋਧਨ ਕੀਤਾ। ਵੈਂਸ ਨੇ ਕੈਨੇਡਾ ਦੀ ਡੇਅਰੀ ਸਪਲਾਈ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਕੀਤੀ। ਉਨ੍ਹਾਂ ਨੇ ਕੈਨੇਡਾ ’ਤੇ ਚੀਨੀ ਸਮਾਨ ਲਈ ਅਮਰੀਕੀ ਬਾਜ਼ਾਰ ਵਿੱਚ “ਪਿਛਲਾ ਦਰਵਾਜ਼ਾ” ਬਣਨ ਦਾ ਦੋਸ਼ ਵੀ ਲਾਇਆ। ਕੈਨੇਡਾ ਨੇ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ। ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੈਸੈਂਟ ਅਤੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨੇ ਵੀ ਕੈਨੇਡਾ ’ਤੇ ਗੱਲਬਾਤ ਵਿੱਚ ਵਾਧੂ ਮੰਗਾਂ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਕੈਨੇਡਾ ਨੂੰ ਚੰਗਾ ਵਪਾਰਕ ਸਮਝੌਤਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਕੈਨੇਡਾ ਪਿੱਛੇ ਹਟ ਗਿਆ। ਇਸ ਦੌਰਾਨ ਰਿਪਬਲਿਕਨ ਸੈਨੇਟਰ ਸੂਜ਼ਨ ਕੋਲਿਨਜ਼ ਨੇ ਕੈਨੇਡਾ ’ਤੇ 50 ਫ਼ੀਸਦੀ ਟੈਰਿਫ਼ ਲਗਾਉਣ ਨੂੰ “ਗਲਤੀ” ਦੱਸਿਆ। ਉਨ੍ਹਾਂ ਕਿਹਾ ਕਿ ਟੈਰਿਫ਼ ਨਾਲ ਸਾਡੇ ਕਾਰੋਬਾਰਾਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਨੁਕਸਾਨ ਹੋ ਸਕਦਾ ਹੈ।

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਵਿਵਾਦ ਕਾਫ਼ੀ ਵਧ ਗਿਆ ਹੈ, ਜਿਸ ਤੋਂ ਬਾਅਦ ਕੈਨੇਡਾ ਦੇ ਕਈ ਸੂਬਿਆਂ ਵਿੱਚ ਅਮਰੀਕੀ ਸ਼ਰਾਬ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸਸਕੈਚਵਨ ਵਿੱਚ ਵਿਰੋਧੀ ਧਿਰ ਐਨਡੀਪੀ ਨੇ ਪ੍ਰੀਮੀਅਰ ਸਕਾਟ ਮੋਅ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰਨ ਅਤੇ ਦੁਕਾਨਾਂ ਤੋਂ ਅਮਰੀਕੀ ਸ਼ਰਾਬ ਹਟਾਉਣ ਦੀ ਅਪੀਲ ਕੀਤੀ ਹੈ। ਐਨਡੀਪੀ ਆਗੂਆਂ ਦਾ ਕਹਿਣਾ ਹੈ ਕਿ ਸਕਾਟ ਮੋਅ ਨੂੰ ਹੁਣ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਇਹ ਵਿਵਾਦ ਉਦੋਂ ਵਧਿਆ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਟੁੱਟ ਗਈ ਅਤੇ ਅਮਰੀਕਾ ਨੇ 20 ਅਰਬ ਅਮਰੀਕੀ ਡਾਲਰ ਦੀਆਂ ਕੈਨੇਡੀਅਨ ਵਸਤੂਆਂ ‘ਤੇ 50 ਫੀਸਦੀ ਟੈਰਿਫ ਲਗਾ ਦਿੱਤਾ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 8 ਸਤੰਬਰ ਤੋਂ ਅਮਰੀਕਾ ‘ਤੇ ਵੀ ਬਰਾਬਰ ਦਾ ਟੈਕਸ ਲਗਾਉਣ ਦਾ ਵਾਅਦਾ ਕੀਤਾ ਹੈ। ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋਅ ਨੇ ਕਾਰਨੀ ਦੀ ਯੋਜਨਾ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਮਰੀਕੀ ਸ਼ਰਾਬ ‘ਤੇ ਪਾਬੰਦੀ ਲਗਾਉਣ ਬਾਰੇ ਵੀ ਵਿਚਾਰ ਕਰੇਗੀ। ਦੂਜੇ ਪਾਸੇ, ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਉਹ ਆਪਣੀ ਸ਼ਰਾਬ ਨੀਤੀ ਨਹੀਂ ਬਦਲਣਗੇ ਅਤੇ ਇਹ ਫੈਸਲਾ ਗਾਹਕਾਂ ‘ਤੇ ਛੱਡਣਗੇ ਕਿ ਉਹ ਕੀ ਖਰੀਦਣਾ ਚਾਹੁੰਦੇ ਹਨ। ਅਲਬਰਟਾ ਦੇ ਕਈ ਆਮ ਲੋਕਾਂ ਨੇ ਕਿਹਾ ਹੈ ਕਿ ਉਹ ਅਮਰੀਕੀ ਵਸਤੂਆਂ ਅਤੇ ਸ਼ਰਾਬ ਦਾ ਬਾਇਕਾਟ ਕਰ ਰਹੇ ਹਨ ਅਤੇ ਆਪਣੇ ਦੇਸ਼ ਦੇ ਉਤਪਾਦਾਂ ਨੂੰ ਪਹਿਲ ਦੇ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਅਮਰੀਕੀ ਟੈਰਿਫਾਂ ਦਾ ਕਰਾਰਾ ਜਵਾਬ ਦੇਣਾ ਚਾਹੀਦਾ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਪਹਿਲਾਂ ਹੀ ਅਮਰੀਕੀ ਸ਼ਰਾਬ ਨਾ ਮੰਗਵਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਮੈਨੀਟੋਬਾ ਸਰਕਾਰ ਨੇ ਕਿਹਾ ਹੈ ਕਿ ਉਹ ਸਥਾਨਕ ਕਾਰੋਬਾਰਾਂ ਦੀ ਮਦਦ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਕਈ ਕਦਮ ਚੁੱਕਣ ਲਈ ਤਿਆਰ ਹੈ।

‘ਐਂਗਸ ਰੀਡ ਇੰਸਟੀਚਿਊਟ’ ਦੇ ਇੱਕ ਨਵੇਂ ਸਰਵੇਖਣ ਮੁਤਾਬਕ, 76 ਫੀਸਦੀ ਕੈਨੇਡੀਅਨ ਮੰਨਦੇ ਹਨ ਕਿ ਅਮਰੀਕਾ ਨਾਲ ਵਪਾਰਕ ਗੱਲਬਾਤ ਰੱਦ ਕਰਕੇ ਦੇਸ਼ ਨੇ ਬਿਲਕੁਲ ਠੀਕ ਕੀਤਾ। ਸਰਵੇ ਅਨੁਸਾਰ 59 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕੋਈ ਵਧੀਆ ਸਮਝੌਤਾ ਹੋਵੇਗਾ ਜਾਂ ਨਹੀਂ, ਇਸ ‘ਤੇ ਸਰਕਾਰ ਦਾ ਬਹੁਤਾ ਵੱਸ ਨਹੀਂ ਸੀ। ਕਨਜ਼ਰਵੇਟਿਵ ਪਾਰਟੀ ਦੇ 53 ਫੀਸਦੀ ਵੋਟਰਾਂ ਨੇ ਕਿਹਾ ਕਿ ਮਾੜੀ ਡੀਲ ਮੰਨਣ ਨਾਲੋਂ ਗੱਲਬਾਤ ਤੋਂ ਪਿੱਛੇ ਹਟਣਾ ਬਿਹਤਰ ਸੀ। ਇਸ ਤੋਂ ਇਲਾਵਾ, ਲਿਬਰਲ ਅਤੇ ਐਨਡੀਪੀ ਦੇ ਜ਼ਿਆਦਾਤਰ ਵੋਟਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਸ ਫੈਸਲੇ ਨੂੰ ਮਜ਼ਬੂਤ ਕਦਮ ਦੱਸਿਆ। ਕੈਨੇਡਾ 8 ਸਤੰਬਰ ਤੋਂ ਅਮਰੀਕਾ ‘ਤੇ ਜਵਾਬੀ ਟੈਰਿਫ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਟੈਕਸ ਡੇਅਰੀ, ਸਟੀਲ, ਬਿਜਲੀ ਦੇ ਸਮਾਨ ਅਤੇ ਖੇਤੀਬਾੜੀ ਦੇ ਔਜ਼ਾਰਾਂ ‘ਤੇ ਲਗਾਏ ਜਾ ਸਕਦੇ ਹਨ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੀਆਂ ਗੱਡੀਆਂ ਅਤੇ ਸਟੀਲ ‘ਤੇ ਹੋਰ ਜ਼ਿਆਦਾ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਅਮਰੀਕਾ ਵੱਲੋਂ ਲਗਾਏ 50 ਫੀਸਦੀ ਟੈਰਿਫਾਂ ਨਾਲ ਕੈਨੇਡਾ ਦੇ ਲਗਭਗ 28 ਅਰਬ ਡਾਲਰ ਦੇ ਸਾਮਾਨ ‘ਤੇ ਅਸਰ ਪਵੇਗਾ। ਸਰਵੇ ਵਿੱਚ 62 ਫੀਸਦੀ ਕੈਨੇਡੀਅਨਾਂ ਨੇ ਸਰਕਾਰ ਦੇ ਜਵਾਬੀ ਟੈਕਸ ਲਗਾਉਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਨਾਲ ਹੀ, 64 ਫੀਸਦੀ ਲੋਕਾਂ ਨੂੰ ਭਰੋਸਾ ਹੈ ਕਿ ਅਮਰੀਕਾ ‘ਤੇ ਨਿਰਭਰਤਾ ਘਟਣ ਨਾਲ ਕੈਨੇਡਾ ਭਵਿੱਖ ਵਿੱਚ ਹੋਰ ਮਜ਼ਬੂਤ ਹੋ ਕੇ ਉੱਭਰੇਗਾ। ਹਾਲਾਂਕਿ, 89 ਫੀਸਦੀ ਲੋਕਾਂ ਨੂੰ ਚਿੰਤਾ ਹੈ ਕਿ ਇਸ ਵਪਾਰਕ ਜੰਗ ਨਾਲ ਦੇਸ਼ ਵਿੱਚ ਮਹਿੰਗਾਈ ਵਧ ਸਕਦੀ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਵੀ ਮੰਨਿਆ ਹੈ ਕਿ ਇਸ ਨਾਲ ਕੁਝ ਚੀਜ਼ਾਂ ਦੇ ਭਾਅ ਵਧ ਸਕਦੇ ਹਨ, ਪਰ ਇਹ ਕਦਮ ਕੈਨੇਡਾ ਦੇ ਭਵਿੱਖ ਅਤੇ ਆਰਥਿਕ ਹਿੱਤਾਂ ਦੀ ਰਾਖੀ ਲਈ ਬਹੁਤ ਜ਼ਰੂਰੀ ਸੀ।

ਵੈਸਟਜੈੱਟ ਏਅਰਲਾਈਨ ਦੇ ਫਲਾਈਟ ਅਟੈਂਡੈਂਟਾਂ ਨੇ ਇੱਕ ਨਵੇਂ ਸਮੂਹਿਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਪੱਖ ਵਿੱਚ 90.2 ਫੀਸਦੀ ਵੋਟਾਂ ਪਈਆਂ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਇਹ ਮੈਂਬਰਾਂ ਵੱਲੋਂ ਇੱਕ ਮਜ਼ਬੂਤ ਸਮਰਥਨ ਹੈ ਅਤੇ ਇਸ ਨਾਲ ਕਰਮਚਾਰੀਆਂ ਦੀ ਮਿਹਨਤ ਦਾ ਯੋਗ ਮੁਆਵਜ਼ਾ ਮਿਲੇਗਾ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਐਂਪਲਾਇਜ਼ ਅਨੁਸਾਰ, ਇਸ ਨਵੇਂ ਤਿੰਨ ਸਾਲਾ ਸਮਝੌਤੇ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ ਤਨਖਾਹਾਂ ਵਿੱਚ 18 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਸ਼ਾਮਲ ਹੈ। ਇਸ ਤੋਂ ਇਲਾਵਾ, ਜਹਾਜ਼ ਦੇ ਜ਼ਮੀਨ ‘ਤੇ ਹੁੰਦਿਆਂ ਕੀਤੇ ਜਾਣ ਵਾਲੇ ਕੰਮ ਲਈ ਵੀ ਵੱਖਰਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਸਮਝੌਤੇ ਤਹਿਤ ਕਰਮਚਾਰੀਆਂ ਨੂੰ ਇਸੇ ਸਾਲ ਅਕਤੂਬਰ ਵਿੱਚ 13 ਫੀਸਦੀ, ਜਨਵਰੀ ਵਿੱਚ 2.75 ਫੀਸਦੀ ਅਤੇ 2028 ਦੀ ਸ਼ੁਰੂਆਤ ਵਿੱਚ 2.5 ਫੀਸਦੀ ਦਾ ਤਨਖਾਹ ਵਾਧਾ ਮਿਲੇਗਾ। ਵੈਸਟਜੈੱਟ ਦੇ ਸੀਈਓ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਮਝੌਤਾ ਦੋਵਾਂ ਧਿਰਾਂ ਦੇ ਸਹਿਯੋਗ ਨੂੰ ਦਰਸਾਉਂਦਾ ਹੈ। ਯੂਨੀਅਨ ਅਤੇ ਕੰਪਨੀ ਵਿਚਾਲੇ ਜਨਵਰੀ ਤੋਂ ਗੱਲਬਾਤ ਚੱਲ ਰਹੀ ਸੀ। ਯੂਨੀਅਨ ਦੀ ਮੁੱਖ ਮੰਗ ਸੀ ਕਿ ਜਹਾਜ਼ ਦੇ ਹਵਾ ਵਿੱਚ ਉੱਡਣ ਤੋਂ ਪਹਿਲਾਂ ਜ਼ਮੀਨ ‘ਤੇ ਕੀਤੇ ਜਾਂਦੇ ਕੰਮਾਂ ਦਾ ਵੀ ਭੁਗਤਾਨ ਕੀਤਾ ਜਾਵੇ। ਇਸ ਵਿਵਾਦ ਦੇ ਚਲਦਿਆਂ ਇਸੇ ਮਹੀਨੇ ਲਗਭਗ 4,400 ਕਰਮਚਾਰੀਆਂ ਨੇ ਇੱਕ ਦਿਨ ਦੀ ਹੜਤਾਲ ਵੀ ਕੀਤੀ ਸੀ, ਜਿਸ ਨਾਲ 900 ਤੋਂ ਵੱਧ ਉਡਾਣਾਂ ਰੱਦ ਹੋਈਆਂ ਸਨ। ਹੁਣ ਇਹ ਨਵਾਂ ਸਮਝੌਤਾ 1 ਜਨਵਰੀ 2026 ਤੋਂ 31 ਦਸੰਬਰ 2028 ਤੱਕ ਲਾਗੂ ਰਹੇਗਾ, ਜਿਸ ਨਾਲ ਏਅਰਲਾਈਨ ਦੀਆਂ ਸੇਵਾਵਾਂ ਮੁੜ ਪੂਰੀ ਤਰ੍ਹਾਂ ਲੀਹ ‘ਤੇ ਆ ਗਈਆਂ ਹਨ।

ਸੋਮਵਾਰ ਸ਼ਾਮ ਨੂੰ ਮੌਂਟਰੀਅਲ ਦੇ ਟਰੂਡੋ ਅੰਤਰਰਾਸ਼ਟਰੀ ਏਅਰਪੋਰਟ ‘ਤੇ ਇੱਕ ਜਹਾਜ਼ ਨਾਲ ਜੁੜੀ ਘਟਨਾ ਤੋਂ ਬਾਅਦ ਏਅਰਪੋਰਟ ਦੇ ਇੱਕ ਕਰਮਚਾਰੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਏਅਰਪੋਰਟ ਵੱਲੋਂ ਜਾਰੀ ਬਿਆਨ ਅਨੁਸਾਰ, ਸ਼ਾਮ ਲਗਭਗ 7:30 ਵਜੇ ਇੱਕ ਜਹਾਜ਼ ਅਤੇ ਏਅਰਪੋਰਟ ਸਟਾਫ਼ ਦੇ ਮੈਂਬਰ ਨਾਲ ਵਾਪਰੇ ਇਸ ਦੁਖਦਾਈ ਹਾਦਸੇ ਤੋਂ ਬਾਅਦ ਤੁਰੰਤ ਐਮਰਜੈਂਸੀ ਸੇਵਾਵਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਮੌਂਟਰੀਅਲ ਪੁਲਿਸ ਦੇ ਮੁਤਾਬਕ, ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ‘ਫ੍ਰੈਂਚ ਬੀ’ ਏਅਰਲਾਈਨ ਦੇ ਜਹਾਜ਼ ਨਾਲ ਵਾਪਰਿਆ, ਜਿਸ ਨੇ ਸ਼ਾਮ 6 ਵਜੇ ਪੈਰਿਸ ਲਈ ਉਡਾਣ ਭਰਨੀ ਸੀ। ਖ਼ਬਰਾਂ ਅਨੁਸਾਰ, ਇਹ ਘਟਨਾ ਉਡਾਣ ਭਰਨ ਤੋਂ ਕੁਝ ਸਮਾਂ ਪਹਿਲਾਂ ਰਨਵੇਅ ‘ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਉਡਾਣ ਪਹਿਲਾਂ ਐਤਵਾਰ ਨੂੰ ਰਵਾਨਾ ਹੋਣੀ ਸੀ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਹੈ। ਦੂਜੇ ਪਾਸੇ, ਏਅਰਪੋਰਟ ਪ੍ਰਸ਼ਾਸਨ ਨੇ ਦੱਸਿਆ ਕਿ ਏਅਰਪੋਰਟ ਦਾ ਕੰਮਕਾਜ ਆਮ ਵਾਂਗ ਚੱਲ ਰਿਹਾ ਹੈ, ਪਰ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਉਡਾਣ ਦੇ ਸਮੇਂ ਬਾਰੇ ਏਅਰਲਾਈਨ ਤੋਂ ਜਾਣਕਾਰੀ ਜ਼ਰੂਰ ਲੈ ਲੈਣ।


Filed under