ਸੀ.ਐੱਮ ਭਗਵੰਤ ਨੂੰ ਰਾਸ ਨਹੀਂ ਆਏ ਸਰਕਾਰੀ ‘ਝੂਟੇ’ ,ਬਣਿਆ ਵਿਵਾਦ

ਨਵੀਂ ਦਿੱਲੀ- ਆਮ ਆਦਮੀ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਨਵੇਂ ਵਿਵਾਦ ਚ ਫੰਸ ਗਏ ਹਨ ।ਇਲਜ਼ਾਮ ਹੈ ਕਿ ਹਿਮਾਚਲ ਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਸੀ.ਐੱਮ ਸਾਹਿਬ ਨੇ ਸਰਕਾਰੀ ਹੈਲੀਕਾਪਟਰ ਦੀ ਵਰਤੋ ਕੀਤੀ ਹੈ ।ਭਾਜਪਾ ਨੇਤਾ ਮਨਜਿੰਦਰ ਸਿਰਸਾ ਨੇ ਟਟਵੀਟ ਕਰਕੇ ਭਗਵੰਤ ਮਾਨ ‘ਤੇ ਤੰਜ ਕੱਸਿਆ ਹੈ ।

ਸਿਰਸਾ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਜ਼ਮੀਨੀ ਨੇਤਾ ਕਹਿਣ ਵਾਲੇ ਭਗਵੰਤ ਮਾਨ ਦੀ ਪੋਲ ਖੁੱਲ ਗਈ ਹੈ । ਕੁੱਝ ਦਿਨ ਪਹਿਲਾਂ ਤੱਕ ਸਾਬਕਾ ਸੀ.ਐੱਮ ਚੰਨੀ ਨੂੰ ਹਵਾਈ ਨੇਤਾ ਕਹਿਣ ਦਾ ਇਲਜ਼ਾਮ ਲਗਾਉਣ ਵਾਲੇ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਦੇ ਪੈਰ ਹੁਣ ਆਪ ਜ਼ਮੀਨ ‘ਤੇ ਨਹੀਂ ਟਿਕਦੇ ਹਨ । ਸਿਰਸਾ ਮੁਤਾਬਿਕ ਭਗਵੰਤ ਮਾਨ ਨੂੰ ਹੈਲੀਕਾਪਟਰ ਦਾ ਅਜਿਹਾ ਸ਼ੌਂਕ ਚੜਿਆ ਹੈ ਕਿ ਉਹ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋ ਕਰ ਰਹੇ ਹਨ ।ਸਿਰਸਾ ਨੇ ਸੋਸ਼ਲ ਮੀਡੀਆ ‘ਤੇ ਮਾਨ ਦੀ ਹਿਮਾਚਲ ਵਾਲੀ ਫੋਟੋ ਸ਼ੇਅਰ ਕੀਤੀ ਹੈ । ਜਿੱਥੇ ਉਹ ਕੇਜਰੀਵਾਲ ਨਾਲ ਰੋਡ ਸ਼ੋਅ ਕਰਨ ਮੰਡੀ ਸ਼ਹਿਰ ਗਏ ਸਨ ।

ਸਿਰਸਾ ਦਾ ਕਹਿਣਾ ਹੈ ਕਿ ਕਰਜ਼ੇ ‘ਚ ਡੁੱਬੇ ਪੰਜਾਬ ‘ਤੇ ਭਗਵੰਤ ਮਾਨ ਵਾਧੂ ਦਾ ਭਾਰ ਪਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ ।ਇਸਤੋਂ ਪਹਿਲਾਂ ਬਾਕੀ ਵਿਰੋਧੀ ਧਿਰ ਵੀ ਮਾਨ ਦੀ ਹਿਮਾਚਲ ਫੇਰੀ ਦਾ ਵਿਰੋਧ ਕਰ ਚੁੱਕੇ ਹਨ ।ਵਿਰੋਧੀਆਂ ਦਾ ਕਹਿਣਾ ਹੈ ਕਿ ਪੰਜਾਬ ਚ ਅਪਰਾਧ ਦਿਨੋ ਦਿਨ ਵੱਧ ਰਿਹਾ ਹੈ ਜਦਕਿ ਸੀ.ਐੱਮ ਮੁੱਖ ਮੰਤਰੀ ਠੰਡੀਆਂ ਵਾਦੀਆਂ ਚ ਜਾ ਕੇ ਮਜ਼ੇ ਕਰ ਰਹੇ ਹਨ ।