ਦੋ ਪਿੰਡਾਂ ‘ਚ ਮਧੂ-ਮੱਖੀ ਪਾਲਣ ਸਿਖਲਾਈ ਕੋਰਸ ਸ਼ੁਰੂ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੀ ਮਧੂ-ਮੱਖੀ ਪਾਲਣ ਇਕਾਈ ਵੱਲੋਂ ਕੌਮੀ ਖੇਤੀ ਵਿਕਾਸ ਯੋਜਨਾ, ਭਾਰਤ ਸਰਕਾਰ ਤਹਿਤ, ਪੰਜ-ਰੋਜ਼ਾ ਮੁੱਢਲੇ ਦੋ ਮਧੂਮੱਖੀ ਪਾਲਣ ਸਿਖਲਾਈ ਕੋਰਸ ਪਿੰਡ ਫਾਗਲਾ ਅਤੇ ਪਿੰਡ ਦੇਤਵਾਲ, ਲੁਧਿਆਣਾ ਵਿਖੇ ਲਗਾਏ ਗਏ ਹਨ।

ਇਹ ਕੋਰਸ 26 ਨਵੰਬਰ ਤੱਕ ਚਲਣਗੇ ਜਿਸ ਵਿਚ ਅਨੂਸੂਚਿਤ ਜਾਤੀ ਨਾਲ ਸੰਬੰਧਤ 50 ਪੇਂਡੂ ਬੇਰੁਜ਼ਗਾਰ ਨੌਜਵਾਨ ਅਤੇ ਮਹਿਲਾਵਾਂ ਹਿੱਸਾ ਲੈ ਰਹੀਆਂ ਹਨ। ਇਸ ਸਿਖਲਾਈ ਕੋਰਸ ਦੇ ਨਿਰਦੇਸ਼ਕ ਕੀਟ ਵਿਗਿਆਨੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਨਾਂ ਸਿਖਲਾਈ ਲੋਰਸਾਂ ਦਾ ਉਦੇਸ਼ ਅਨੂਸੂਚਿਤ ਜਾਤੀ ਨਾਲ ਸੰਬੰਧਤ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਅਤੇ ਔਰਤਾਂ ਨੂੰ ਉਨਾਂ ਦੇ ਕੋਲ ਜਾ ਕੇ ਮਧੂ ਮੱਖੀ ਪਾਲਣ ਕਿੱਤੇ ਸੰਬੰਧੀ ਮੁਢਲੀ ਜਾਣਕਾਰੀ ਅਤੇ ਮੁਹਾਰਤ ਪ੍ਰਦਾਨ ਕਰਨਾ ਹੈ।

ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਨਾਂ ਕੋਰਸਾਂ ਵਿਚ ਸਿਖਿਆਰਥੀਆਂ ਨੂੰ ਮਧੂ-ਮੱਖੀਆਂ ਦੀ ਸਾਂਭ-ਸੰਭਾਲ ਸੰਬੰਧੀ ਹੱਥੀ ਸਿਖਲਾਈ ਦਿੰਦੇ ਹੋਏ ਵੱਖ ਵੱਖ ਤਕਨੀਕੀ ਢੰਗ ਤਰੀਕੇ ਸਮਝਾਏ ਜਾਣਗੇ।

ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਿਖਲਾਈ ਕੋਰਸ ਇਸ ਸਾਲ ਦੇ ਅੰਤ ਤੱਕ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲਗਾਏ ਜਾਨ ਵਾਲੇ ਅਜਿਹੇ ਪੰਜ ਸਿਖਲਾਈ ਕੋਰਸ ਵਿਚੋਂ ਦੋ ਹਨ।

ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਸਿਖਲਾਈ ਦੇ ਅੰਤ ਵਿਚ ਸਰਟੀਫਿਕੇਟ ਦੇ ਨਾਲ ਯੂਨੀਵਰਸਿਟੀ ਵੱਲੋਂ ਮਧੂ-ਮੱਖੀ ਪਾਲਣ ਸਬੰਧੀ ਪੰਜਾਬੀ ਵਿਚ ਪ੍ਰਕਾਸ਼ਿਤ ਸਾਹਿਤ ਵੀ ਤਕਸੀਮ ਕੀਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ