ਸਰੀ ’ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼

Surrey- ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ’ਚ ਸੋਮਵਾਰ ਨੂੰ ਇੱਕ ਛੋਟਾ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ’ਚ ਜਹਾਜ਼ ਸਵਾਰ ਪਾਇਲਟ ਜ਼ਖ਼ਮੀ ਹੋ ਗਿਆ।
ਆਰ. ਸੀ. ਐੱਮ. ਪੀ. ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਸਰੀ ’ਚ ਕ੍ਰੇਸੈਂਟ ਬੀਚ ਨੇੜੇ ਸੋਮਵਾਰ ਦੁਪਹਿਰ ਨੂੰ ਵਾਪਰਿਆ। ਪੁਲਿਸ ਦਾ ਕਹਿਣ ਹੈ ਕਿ ਮੌਕੇ ’ਤੇ ਪਹੁੰਚੇ ਐਮਰਜੈਂਸੀ ਅਮਲੇ ਨੇ ਹਾਦਸੇ ਤੋਂ ਬਾਅਦ ਜਹਾਜ਼ ਦੇ ਪਾਇਲਟ ਨੂੰ ਇਲਾਜ ਲਈ ਹਸਪਤਾਲ ’ਚ ਪਹੁੰਚਾਇਆ। ਅਧਿਕਾਰੀਆਂ ਮੁਤਾਬਕ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਪਾਇਲਟ ਜਹਾਜ਼ ’ਚ ਸਵਾਰ ਇਕੱਲਾ ਵਿਅਕਤੀ ਸੀ ਅਤੇ ਇਸ ਹਾਦਸੇ ਦੌਰਾਨ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਬਾਰੇ ਜਾਣਕਾਰੀ ਮਿਲਣ ਮਗਰੋਂ ਐਮਰਜੈਂਸੀ ਅਮਲੇ ਦੀਆਂ ਇੱਕ ਦਰਜਨ ਤੋਂ ਵਧੇਰੇ ਗੱਡੀਆਂ ਮੌਕੇ ’ਤੇ ਪਹੁੰਚੀਆਂ।
ਇਸ ਹਾਦਸੇ ਦੀਆਂ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਜਹਾਜ਼ ਦੇ ਜ਼ਮੀਨ ’ਤੇ ਡਿੱਗਣ ਮਗਰੋਂ ਉਸ ’ਚੋਂ ਧੂੰਏਂ ਦੇ ਉੱਚੇ ਗੁਬਾਰ ਹਵਾ ’ਚ ਉੱਡਦੇ ਦਿਖਾਈ ਦੇ ਰਹੇ ਹਨ। ਮੌਕੇ ’ਤੇ ਪਹੁੰਚੀ ਸਰੀ ਫਾਇਰ ਫਾਈਟਰਜ਼ ਦੀ ਟੀਮ ਨੇ ਤੁਰੰਤ ਅੱਗ ’ਤੇ ਕਾਬੂ ਪਾਇਆ ਤਾਂ ਜੋ ਇਹ ਹੋਰ ਨੁਕਸਾਨ ਨਾ ਕਰ ਸਕੇ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਜਾਰੀ ਰਹਿਣ ’ਤੇ ਹੋਰ ਵੇਰਵੇ ਉਪਲਬਧ ਕਰਵਾਏ ਜਾਣਗੇ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇੱਕ ਬਿਆਨ ’ਚ ਕਿਹਾ ਕਿ ਉਹ ਇੱਕ ਨਿੱਜੀ ਤੌਰ ’ਤੇ ਰਜਿਸਟਰਡ ਸੇਸਨਾ 3185 ਜਹਾਜ਼ ਹਾਦਸੇ ਦੀ ਜਾਂਚ ਲਈ ਇੱਕ ਟੀਮ ਸਰੀ ਭੇਜ ਰਿਹਾ ਹੈ।