ਸੋਨੀਪਤ ਦੇ ਸ਼ੂਟਰਾਂ ਨੇ ਮਾਰੀ ਸੀ ਮੂਸੇਵਾਲਾ ਨੂੰ ਗੋਲੀਆਂ , ਪੁਲਿਸ ਨੂੰ ਮਿਲੇ ਅਹਿਮ ਸੁਰਾਗ

ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਹੱਥ ਅਹਿਮ ਸੁਰਾਗ ਲੱਗੇ ਹਨ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸੋਨੀਪਤ ਦੇ ਦੋ ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਹਨ। ਇਕ ਗੈਂਗਸਟਰ ਰਾਮਕਰਨ ਬੈਨਿਆਪੁਰ ਗੈਂਗ ਦਾ ਪ੍ਰਿਅਵ੍ਰਤ ਉਰਫ ਫੌਜੀ ਨਿਵਾਸੀ ਪਿੰਡ ਸਿਸਾਣਾ ਤੇ ਦੂਜਾ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ-ਸ਼ੂਟਰ ਪਿੰਡ ਸੇਰਸਾ ਜਾਟੀ ਦਾ ਅੰਕਿਤ ਦੱਸਿਆ ਜਾ ਰਿਹਾ ਹੈ।

ਦੋਵੇਂ ਸ਼ੂਟਰਾਂ ਦੇ ਚਿਹਰੇ ਫਤੇਹਾਬਾਦ ’ਚ ਪੈਟਰੋਲ ਪੰਪ ’ਤੇ ਬੋਲੈਰੋ ’ਚ ਤੇਲ ਪਵਾਉਣ ਦੌਰਾਨ ਸੀਸੀਟੀਵੀ ’ਚ ਰਿਕਾਰਡ ਹੋਏ ਹਨ। ਇਸ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਵੀ ਸੋਨੀਪਤ ਪਹੁੰਚੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਵਿਚ ਲਾਰੈਂਸ ਬਿਸ਼ਨੋਈ ਦਾ ਨਾਂ ਆਉਂਦੇ ਹੀ ਸੋਨੀਪਤ ਦਾ ਨਾਂ ਸਾਹਮਣੇ ਆਉਣ ਲੱਗਾ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਕਾਲਾ ਜਠੇਡ਼ੀ, ਰਾਜੂ ਬਸੌਦੀ ਅਤੇ ਅਕਸ਼ੈ ਪਲਡ਼ਾ ਸੋਨੀਪਤ ਦੇ ਰਹਿਣ ਵਾਲੇ ਹਨ। ਉਸ ਦੇ ਆਧਾਰ ’ਤੇ ਪੰਜਾਬ ਪੁਲਿਸ ਦੇ ਨਾਲ-ਨਾਲ ਸੋਨੀਪਤ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਕਤਲ ਵਿਚ ਵਰਤੀ ਗਈ ਬੋਲੈਰੋ ਗੱਡੀ ਫਤੇਹਾਬਾਦ ਦੇ ਇਕ ਪੈਟਰੋਲ ਪੰਪ ਦੇ ਸੀਸੀਟੀਵੀ ਵਿਚ ਕੈਦ ਹੋਈ ਹੈ। ਉਸ ਸਮੇਂ ਕਾਰ ’ਚ ਸੋਨੀਪਤ ਦੇ ਦੋ ਸ਼ੂਟਰ ਸਵਾਰ ਹੋਣ ਗੱਲ ਸਾਹਮਣੇ ਆਈ ਹੈ। ਇਸ ਤੋਂ ਤੁਰੰਤ ਬਾਅਦ ਕਰਾਈਮ ਬ੍ਰਾਂਚ ਦੀ ਟੀਮ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ।

ਪੰਜਾਬ ਪੁਲਿਸ ਦੀਆਂ ਦੋ ਟੀਮਾਂ ਸ਼ੁੱਕਰਵਾਰ ਸ਼ਾਮ ਖਰਖੌਦਾ ਪਹੁੰਚੀਆਂ। ਉਥੇ ਉਨ੍ਹਾਂ ਨੂੰ ਪਿੰਡ ਗਡ਼੍ਹੀ-ਸਿਸਾਣਾ ਦੀ ਰਹਿਣ ਵਾਲੀ ਪ੍ਰਿਅਵਰਤ ਉਰਫ਼ ਫ਼ੌਜੀ ਬਾਰੇ ਜਾਣਕਾਰੀ ਮਿਲੀ। ਫਿਲਹਾਲ ਪੰਜਾਬ ਪੁਲਿਸ ਦੀ ਟੀਮ ਜ਼ਿਲ੍ਹੇ ਵਿਚ ਹੀ ਛਾਪੇਮਾਰੀ ਕਰ ਰਹੀ ਹੈ। ਪ੍ਰਿਆਵਰਤ ਦੇ ਖਿਲਾਫ ਖਰਖੌਦਾ ਥਾਣੇ ’ਚ ਹੀ 10 ਮਾਮਲੇ ਦਰਜ ਹਨ।