ਧੁੰਦ ‘ਚ ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌ.ਤ

ਡੈਸਕ- ਸੰਘਣੀ ਧੁੰਦ ਕਾਰਨ ਸਰਕਾਰੀ ਸਕੂਲ ਖਾਸਾ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਉਸ ਦੀ ਮੌਤ ਵੀ ਹੋ ਗਈ। ਜਾਣਕਾਰੀ ਮੁਤਾਬਕ ਤਿੰਨ ਵਿਦਿਆਰਥੀ ਮੋਟਰਸਾਈਕਲ ‘ਤੇ ਸਕੂਲ ਜਾ ਰਹੇ ਸਨ ਕਿ ਰਸਤੇ ‘ਚ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ, ਜਿਸ ਕਾਰਨ ਇਕ ਵਿਦਿਆਰਥੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਮਹਾਵੀਰ ਸਿੰਘ ਵਜੋਂ ਹੋਈ ਹੈ। ਵਿਦਿਆਰਥੀ ਦੀ ਮੌਤ ਦਾ ਸਮਾਚਾਰ ਮਿਲਣ ‘ਤੇ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਮ੍ਰਿਤਕ ਮਹਾਵੀਰ ਦੇ ਘਰ ਪਹੁੰਚੇ। ਇਸ ਦੇ ਨਾਲ ਹੀ ਦੱਸ ਦਈਏ ਕਿ ਹੱਡ ਚੀਰਵੀਂ ਠੰਡ ਕਾਰਨ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਛੁੱਟੀ ਦੇ ਐਲਾਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਚ ਲਾਗੂ ਕਰਵਾਉਣ ਵਿਚ ਸਿੱਖਿਆ ਵਿਭਾਗ ਫੇਲ ਸਾਬਤ ਹੋਇਆ ਹੈ।

ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਅਤੇ ਵਿਭਾਗ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸ਼ਰੇਆਮ ਛੋਟੇ ਬੱਚਿਆਂ ਨੂੰ ਹੱਡ ਚੀਰਵੀਂ ਠੰਡ ਦੌਰਾਨ ਸਕੂਲ ਬੁਲਾਇਆ ਗਿਆ, ਕਈ ਸਕੂਲ ਤਾਂ ਅਜਿਹੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪਹੁੰਚ ਸਰਕਾਰ ਤੱਕ ਹੋਣ ਕਰ ਕੇ ਉਹ ਵਿਭਾਗ ਨੂੰ ਸ਼ਰੇਆਮ ਚੈਲੰਜ ਕਰਦਿਆਂ ਸਕੂਲ ਲਗਾ ਰਹੇ ਸਨ।

ਵਿਭਾਗ ਦੀ ਲਾਪ੍ਰਵਾਹੀ ਕਾਰਨ ਮਾਪਿਆਂ ਵਿਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਜ਼ਿਲ੍ਹੇ ਵਿਚ ਸਰਕਾਰ ਦੇ ਹੁਕਮ ਨਾ ਲਾਗੂ ਕਰਾਉਣ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨ ਚਿੰਨ ਲੱਗ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੱਡ ਚੀਰਵੀਂ ਠੰਡ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਸਕੂਲਾਂ ਵਿਚ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ’ਤੇ ਲਾਗੂ ਹਨ।