ਸੁਰਜੀਤ ਹਾਕੀ ਟੂਰਨਾਮੈਂਟ ਨਹੀਂ ਖੇਡ ਸਕੇਗਾ ਪਾਕਿਸਤਾਨ, ਕੇਂਦਰ ਨੇ ਦੋਵੇਂ ਟੀਮਾਂ ਨੂੰ ਨਹੀਂ ਦਿੱਤਾ ਵੀਜ਼ਾ

ਡੈਸਕ- ਜਲੰਧਰ ਵਿਚ ਆਯੋਜਿਤ ਸੁਰਜੀਤ ਹਾਕੀ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਟੀਮ ਨਹੀਂ ਖੇਡ ਸਕੇਗੀ। ਕੇਂਦਰ ਸਰਕਾਰ ਨੇ ਦੋਵੇਂ ਟੀਮਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਹਾਕੀ ਪ੍ਰੇਮੀ ਕਾਫੀ ਨਿਰਾਸ਼ ਹਨ। ਦੂਜੇ ਪਾਸੇ ਹਾਕੀ ਪ੍ਰਮੋਟਰ ਸਵਾਲ ਕਰ ਰਹੇ ਹਨ ਕਿ ਕ੍ਰਿਕਟ ਟੀਮ ਨੂੰ ਵੀਜ਼ਾ ਮਿਲ ਜਾਂਦਾ ਹੈ ਪਰ ਹਾਕੀ ਟੀਮ ਨੂੰ ਨਹੀਂ। ਹਾਲਾਂਕਿ ਚੇਨਈ ਵਿਚ ਹਾਕੀ ਚੈਂਪੀਅਨਸ਼ਿਰ ਵਿਚ ਪਾਕਿਸਤਾਨ ਟੀਮ ਨੇ ਹਿੱਸਾ ਲਿਆ ਸੀ। ਪੰਜਾਬ ਨੂੰ ਹਾਕੀ ਖਿਡਾਰੀਆਂ ਦੀ ਨਰਸਰੀ ਮੰਨਿਆ ਜਾਂਦਾ ਹੈ ਇਥੇ ਦੇ ਖਿਡਾਰੀਆਂ ਦੇ ਬਲਬੂਤੇ ਹੀ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਸੀ।

ਪਹਿਲਾਂ ਕਈ ਵਾਰ ਪਾਕਿਸਤਾਨ ਟੀਮ ਟੂਰਨਾਮੈਂਟ ਵਿਚ ਹਿੱਸਾ ਲੈ ਚੁੱਕੀ ਹੈ। ਆਯੋਜਕਾਂ ਨੂੰ ਉਮੀਦ ਸੀ ਕਿ ਟੀਮਾਂ ਦੇ ਵੀਜ਼ੇ ਨੂੰ ਮੰਤਰਾਲੇ ਤੋਂ ਹਰੀ ਝੰਡੀ ਮਿਲ ਸਕਦੀ ਹੈ। ਸਾਲ 2011, 2012, 2013, 2014 ਵਿਚ ਪਾਕਿਸਤਾਨ ਦੀ ਪੁਰਸ਼ ਤੇ ਮਹਿਲਾ ਟੀਮਾਂ ਹਿੱਸਾ ਲੈ ਚੁੱਕੀਆਂ ਹਨ। ਸੁਰਜੀਤ ਹਾਕੀ ਟੂਰਨਾਮੈਂਟ 25 ਅਕਤੂਬਰ ਤੋਂ 3 ਨਵੰਬਰ ਤੱਕ ਚੱਲੇਗਾ। ਇਸ ਵਿਚ ਪਾਕਿਸਤਾਨ ਦੀਆਂ ਦੋ ਟੀਮਾਂ ਦੇ ਇਲਾਵਾ 18 ਟੀਮਾਂ ਹਿੱਸਾ ਲੈਣ ਵਾਲੀਆਂ ਸਨ। ਰੇਲਵੇ, ਇੰਡੀਅਨ ਆਇਲ, ਪੀਐੱਨਬੀ, ਦਿੱਲੀ, ਪੰਜਾਬ ਐਂਡ ਸਿੰਧ ਬੈਂਕ, ਆਰਸੀਐੱਫ ਕਪੂਰਥਲਾ, ਐੱਫਸੀਆਈ ਦਿੱਲੀ, ਸੀਆਰਪੀਐੱਫ ਦਿੱਲੀ, ਭਾਰਤੀ ਹਵਾਈ ਫੌਜ, ਸੀਏਜੀ ਦਿੱਲੀ, ਸੀਆਈਐੱਸੈੱਫ ਦਿੱਲੀ, ਆਰਮੀ ਇਲੈਵਨ, ਆਈਟੀਬੀਪੀ ਜਲੰਧਰ, ਭਾਰਤੀ ਜਲ ਸੈਨਾ ਮੁੰਬਈ, ਏਅਰ ਇੰਡੀਆ, ਮੁੰਬਈ, ਓਐੱਨਜੀਸੀ ਦਿੱਲੀ, ਪੰਜਾਬ ਪੁਲਿਸ, ਈਐੱਮਈ ਜਲੰਧਰ ਤੇ ਬੀਐੱਸੈੱਫ ਜਲੰਧਰ ਟੀਮਾਂ ਟੂਰਨਾਮੈਂਟ ਵਿਚ ਹਿੱਸਾ ਲੈ ਰਹੀਆਂ ਹਨ।

ਸੁਰਜੀਤ ਹਾਕੀ ਸੁਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਪਾਕਿਸਤਾਨ ਦੀਆਂ ਦੋਵੇਂ ਟੀਮਾਂ ਨੇ ਸੁਰਜੀਤ ਹਾਕੀ ਵਿਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਸੀ ਤੇ ਤਿਆਰੀਆਂ ਵੀ ਪੂਰੀਆਂ ਹੋ ਚੁੱਕੀਆਂ ਸਨ। ਟੀਮਾਂ ਤੇ ਰੁਕਣ ਤੇ ਟਰਾਂਸਪੋਰਟ ਦਾ ਇੰਤਜ਼ਾਮ ਹੋ ਚੁੱਕਾ ਸੀ ਪਰ 5 ਦਿਨ ਪਹਿਲਾਂ ਹੀ ਕੇਂਦਰ ਨੇ ਦੋਵੇਂ ਟੀਮਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।