ਰਾਜੌਰੀ ਫੌਜੀ ਕੈਂਪ ‘ਤੇ ਅੱਤਵਾਦੀ ਹਮਲਾ, ਤਿੰਨ ਜਵਾਨ ਸ਼ਹੀਦ, ਦੋ ਅੱਤਵਾਦੀ ਢੇਰ

ਰਾਜੌਰੀ- ਅੱਤਵਾਦੀਆਂ ਨੇ ਦੇਰ ਰਾਤ ਜ਼ਿਲ੍ਹਾ ਰਾਜੌਰੀ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਦਰਹਾਲ ਸੈਕਟਰ ਦੇ ਪਰਗਲ ਇਲਾਕੇ ਵਿੱਚ ਸਥਿਤ ਫੌਜ ਦੇ ਕੈਂਪ ਉੱਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਦੋ ਹੋਰ ਜ਼ਖਮੀ ਹੋ ਗਏ। ਆਤਮਘਾਤੀ ਹਮਲੇ ‘ਚ ਸ਼ਾਮਲ ਦੋਵੇਂ ਅੱਤਵਾਦੀ ਫੌਜ ਦੀ ਜਵਾਬੀ ਗੋਲੀਬਾਰੀ ‘ਚ ਮਾਰੇ ਗਏ। ਇਲਾਕੇ ‘ਚ ਹੋਰ ਅੱਤਵਾਦੀਆਂ ਦੀ ਮੌਜੂਦਗੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਫੌਜ ਅਤੇ ਐੱਸਓਜੀ ਦੇ ਜਵਾਨਾਂ ਨੇ ਕੈਂਪ ਦੇ ਆਸ-ਪਾਸ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।

ਏਡੀਜੀਪੀ ਜੰਮੂ ਮੁਕੇਸ਼ ਸਿੰਘ ਨੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਅੱਤਵਾਦੀ ਰਾਜੌਰੀ ਕੰਟਰੋਲ ਰੇਖਾ ਦੇ ਨਾਲ ਲੱਗਦੇ ਦਰਹਾਲ ਸੈਕਟਰ ਦੇ ਪਰਗਲ ਇਲਾਕੇ ‘ਚ ਸਥਿਤ ਆਰਮੀ ਕੈਂਪ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਆਏ ਸਨ। ਜਿਵੇਂ ਹੀ ਇਹ ਅੱਤਵਾਦੀ ਕੈਂਪ ਦੀ ਹੱਦ ਅੰਦਰ ਦਾਖਲ ਹੋਏ, ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ। ਜਵਾਬ ‘ਚ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ‘ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਜਵਾਬੀ ਗੋਲੀਬਾਰੀ ‘ਚ ਫੌਜ ਨੇ ਉਥੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ।

ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਹੋਰ ਅੱਤਵਾਦੀ ਵੀ ਮੌਜੂਦ ਹੋ ਸਕਦੇ ਹਨ। ਇਸ ਖਦਸ਼ੇ ਦੇ ਚੱਲਦਿਆਂ ਫੌਜ ਅਤੇ ਐਸਓਜੀ ਦੇ ਜਵਾਨਾਂ ਨੇ ਆਰਮੀ ਕੈਂਪ ਦੇ ਆਸ-ਪਾਸ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮਾਰੇ ਗਏ ਅੱਤਵਾਦੀ ਜੰਮੂ-ਕਸ਼ਮੀਰ ਦੇ ਹਨ ਜਾਂ ਪਾਕਿਸਤਾਨ ਦੇ ਹਨ, ਦਾ ਪਤਾ ਲਗਾਇਆ ਜਾ ਰਿਹਾ ਹੈ। ਕੰਟਰੋਲ ਰੇਖਾ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਗਸ਼ਤ ਵੀ ਵਧਾ ਦਿੱਤੀ ਗਈ ਹੈ।

ਦੱਸ ਦਈਏ ਕਿ ਜੰਮੂ-ਕਸ਼ਮੀਰ ‘ਚ ਪਿਛਲੇ 24 ਘੰਟਿਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਬਡਗਾਮ ਵਿੱਚ ਟੀਆਰਐਫ ਕਮਾਂਡਰ ਲਤੀਫ ਰਾਦਰ ਸਮੇਤ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਲਤੀਫ ਦੇ ਨਾਲ ਮਾਰੇ ਗਏ ਦੋ ਹੋਰ ਅੱਤਵਾਦੀ ਪਾਕਿਸਤਾਨੀ ਦੱਸੇ ਜਾਂਦੇ ਹਨ। ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ‘ਚ ਆਜ਼ਾਦੀ ਦਿਵਸ ‘ਤੇ ਵੱਡੀ ਅੱਤਵਾਦੀ ਘਟਨਾ ਦੀ ਯੋਜਨਾ ਬਣਾ ਰਹੇ ਹਨ।