ਯੈਲੋਨਾਈਫ਼ ਸ਼ਹਿਰ ਦੇ ਨੇੜੇ ਪਹੁੰਚੀ ਜੰਗਲੀ ਅੱਗ, ਵੱਡੀ ਗਿਣਤੀ ’ਚ ਲੋਕ ਘਰ ਛੱਡਣ ਲਈ ਹੋਏ ਮਜ਼ਬੂਰ

Yellowknife- ਯੈਲੋਨਾਈਫ਼ ਸ਼ਹਿਰ ’ਚ ਲਗਾਤਾਰ ਖ਼ਤਰਨਾਕ ਹੁੰਦੀ ਜਾ ਰਹੀ ਜੰਗਲੀ ਅੱਗ ਤੋਂ ਬਚਣ ਲਈ ਇੱਥੋਂ ਦੇ ਹਜ਼ਾਰਾਂ ਨਿਵਾਸੀ ਵੱਡੀ ਗਿਣਤੀ ’ਚ ਕਾਫ਼ਲਿਆਂ ਦੇ ਰੂਪ ’ਚ ਸੜਕੀ ਅਤੇ ਹਵਾਈ ਮਾਰਗ ਰਾਹੀਂ ਸ਼ਹਿਰ ਨੂੰ ਛੱਡ ਕੇ ਜਾ ਰਹੇ ਹਨ। ਵੀਰਵਾਰ ਨੂੰ ਇੱਥੋਂ ਦੀਆਂ ਸੜਕਾਂ ’ਤੇ ਲੋਕਾਂ ਦੀ ਖ਼ਾਸੀ ਭੀੜ ਦੇਖਣ ਨੂੰ ਮਿਲੀ। ਅਧਿਕਾਰੀਆਂ ਵਲੋਂ ਸ਼ੁੱਕਰਵਾਰ ਤੱਕ ਸ਼ਹਿਰ ਦੇ 20,000 ਲੋਕਾਂ ਅਤੇ ਆਸ-ਪਾਸ ਦੀਆਂ ਦੋ ਫਸਟ ਨੇਸ਼ਨਜ਼ ਨੂੰ ਘਰੋਂ ਬਾਹਰ ਨਿਕਲਣ ਦਾ ਹੁਕਮ ਦਿੱਤਾ ਹੈ, ਜਦਕਿ 200 ਦੇ ਕਰੀਬ ਫਾਈਰਫਾਈਟਰਜ਼ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਾਰਥ ਵੈਸਟ ਟੈਰਟਰੀਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਕਾਸੀ ਅਜੇ ਤੱਕ ਸੁਰੱਖਿਅਤ ਰਹੀ ਹੈ ਅਤੇ ਅੱਗ ਹੁਣ ਯੈਲੋਨਾਈਫ਼ ਦੇ ਉੱਤਰੀ ਬਾਹਰੀ ਹਿੱਸੇ ਤੋਂ ਲਗਭਗ 16 ਕਿਲੋਮੀਟਰ ਦੂਰ ਹੈ।
ਲੋਕ ਜਦੋਂ ਆਪਣੇ ਘਰ ਛੱਡ ਰਹੇ ਸਨ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਪਿੱਛੇ ਰਹਿ ਗਏ ਆਪਣੇ ਪਿਆਰਿਆਂ ਲਈ ਚਿੰਤਾਵਾਂ ਸਾਫ਼ ਝਲਕ ਰਹੀਆਂ ਸਨ। ਯੈਲੋਨਾਈਫ਼ ਦੇ ਸਰ ਜਾਨ ਫਰੈਂਕਲਿਨ ਹਾਈ ਸਕੂਲ ’ਚ ਉਨ੍ਹਾਂ ਲੋਕਾਂ ਦੀ ਇੱਕ ਕਿਲੋਮੀਟਰ ਤੱਕ ਲੰਬੀ ਕਤਾਰ ਸੀ, ਜਿਨ੍ਹਾਂ ਕੋਲ ਬਾਹਰ ਨਿਕਲ ਕੇ ਜਾਣ ਲਈ ਕੋਈ ਵਾਹਨ ਨਹੀਂ ਸੀ। ਇਸ ਬਾਰੇ ’ਚ ਗੱਲਬਾਤ ਕਰਦਿਆਂ ਵਿੰਸੇਂਟ ਮੇਸਲੇਜ ਨਾਮੀ ਇੱਕ ਸ਼ਹਿਰ ਵਾਸੀ ਨੇ ਦੱਸਿਆ ਕਿ ਲੋਕਾਂ ਨੇ ਹਾਈ ਸਕੂਲ ਤੱਕ ਪਹੁੰਚਣ ਲਈ ਪੂਰਾ ਦਿਨ ਬਿਤਾਇਆ ਤਾਂ ਕਿ ਉਹ ਆਪਣੀਆਂ ਉਡਾਣਾਂ ਫੜ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਵਧੇਰੇ ਕਰਿਆਨੇ ਦੀਆਂ ਦੁਕਾਨਾਂ ਅਤੇ ਰੈਸਟੋਰੈਂਟ ਬੰਦ ਹੋ ਗਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸ਼ੁੱਕਰਵਾਰ ਤੱਕ ਖੇਤਰੀ ਰਾਜਧਾਨੀ ਇੱਕ ਭੂਤ ਸ਼ਹਿਰ ਦੇ ਵਾਂਗ ਲੱਗਣ ਲੱਗ ਜਾਵੇਗੀ। ਅਧਿਕਾਰੀਆਂ ਵਲੋਂ ਯੈਲੋਨਾਈਫ਼ ਸ਼ਹਿਰ ਨੂੰ ਹੁਣ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਕੈਨੇਡੀਅਨ ਹਰਿਆਰਬੰਦ ਬਲਾਂ ਵਲੋਂ ਅੱਗ ਦੇ ਹਾਲਾਤਾਂ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ, ਜਦਕਿ ਕੈਨੇਡੀਅਨ ਰੇਂਜਰਾਂ ਵਲੋਂ ਜਹਾਜ਼ਾਂ ਰਾਹੀਂ ਪ੍ਰਭਾਵਿਤ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਫੈਡਰਲ ਐਮਰਜੈਂਸੀ ਤਿਆਰੀ ਮੰਤਰੀ ਹਰਜੀਤ ਸੱਜਣ ਨੇ ਵੀਰਵਾਰ ਦੇਰ ਰਾਤ ਜਾਰੀ ਕੀਤੇ ਇੱਕ ਬਿਆਨ ’ਚ ਕਿਹਾ ਕਿ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਕੈਨੇਡਾ, ਇੰਡੀਜੀਨਸ ਸਰਵਿਸਿਜ਼ ਕੈਨੇਡਾ ਅਤੇ ਕੈਨੇਡੀਅਨ ਕੋਸਡ ਵਲੋਂ ਯੈਲੋਨਾਈਫ਼ ’ਚ ਵਾਧੂ ਫੈਡਰਲ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।