ਲੋਹਟਬੱਧੀ ਵਿਖੇ ਖੇਤੀ ਸੂਚਨਾ ਕੇਂਦਰ ਆਰੰਭ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਪਿੰਡ ਲੋਹਟਬੱਧੀ ਵਿਖੇ ਹਾੜੀ ਦੀ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਸੂਚਨਾ ਕੇਂਦਰ ਆਰੰਭ ਕੀਤਾ ਗਿਆ । ਇਸ ਵਿਚ 80 ਦੇ ਕਰੀਬ ਕਿਸਾਨ ਅਤੇ ਪਤਵੰਤੇ ਸ਼ਾਮਿਲ ਹੋਏ ।

ਪਸਾਰ ਮਾਹਿਰ ਡਾ. ਕਮਲਪ੍ਰੀਤ ਕੌਰ ਨੇ ਪੀ.ਏ.ਯੂ. ਵੱਲੋਂ ਪਿੰਡਾਂ ਵਿਚ ਸਥਾਪਿਤ ਕੀਤੇ ਜਾ ਰਹੇ ਸੂਚਨਾ ਕੇਂਦਰਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਉਹਨਾਂ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ, ਖੇਤੀ ਸਾਹਿਤ ਪੜਨ ਅਤੇ ਰਸੋਈ ਬਗੀਚੀ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ।

ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਹਾੜੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਕਨੌਲਾ ਗੋਭੀ ਸਰੋਂ ਦੀ ਕਾਸ਼ਤ ਦੇ ਤਰੀਕੇ ਸਾਂਝੇ ਕੀਤੇ । ਉਹਨਾਂ ਨੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਪਰਾਲੀ ਦੀ ਸੰਭਾਲ ਲਈ ਅਪੀਲ ਵੀ ਕੀਤੀ ।

ਪਲਾਂਟ ਬਰੀਡਿੰਗ ਦੇ ਮਾਹਿਰ ਡਾ. ਬੀ ਐੱਸ ਗਿੱਲ ਨੇ ਕਣਕ ਦੀਆਂ ਨਵੀਆਂ ਕਿਸਮਾਂ ਜਿਵੇਂ ਪੀ ਬੀ ਡਬਲਯੂ-803, ਪੀ ਬੀ ਡਬਲਯੂ-824 ਅਤੇ ਪੀ ਬੀ ਡਬਲਯੂ-869 ਦਾ ਜ਼ਿਕਰ ਕੀਤਾ । ਇਸ ਤੋਂ ਇਲਾਵਾ ਪੀ.ਬੀ. ਡਬਯਲੂ-1 ਚਪਾਤੀ ਕਿਸਮ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ।

ਸ੍ਰੀ ਗੁਰਪਾਲ ਸਿੰਘ, ਸ੍ਰੀ ਜੋਰਾ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ । ਡਾ. ਦਵਿੰਦਰ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ । ਪੇਂਡੂ ਖੇਤੀ ਕਾਰਜ ਅਨੁਭਵ (ਰਾਵੇ) ਪ੍ਰੋਜੈਕਟ ਅਧੀਨ ਕੰਮ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਸਮਾਗਮ ਦੇ ਸੰਪੂਰਨ ਹੋਣ ਵਿਚ ਯੋਗਦਾਨ ਪਾਇਆ ।

ਟੀਵੀ ਪੰਜਾਬ ਬਿਊਰੋ