ਜੰਮੂ-ਕਸ਼ਮੀਰ ਦੇ ਟਰੱਕ ਤੇ ਟਿੱਪਰ ਮਾਲਕਾਂ ਨੇ ਮੁੱਖ ਮੰਤਰੀ ਨੂੰ ਕੀਤੀ ਪੁਲਿਸ ਤੋਂ ਰਾਹਤ ਦਿਵਾਉਣ ਦੀ ਅਪੀਲ

ਪਠਾਨਕੋਟ : ਪਠਾਨਕੋਟ ਪੁਲਿਸ ਵੱਲੋਂ ਕਥਿਤ ਤੌਰ ‘ਤੇ ਜੰਮੂ-ਪਠਾਨਕੋਟ ਰੋਡ ‘ਤੇ ਮਾਧੋਪੁਰ ਚੈੱਕ ਪੋਸਟ ‘ਤੇ ਕਾਨੂੰਨੀ ਖਣਨ ਸਮੱਗਰੀ ਲਿਆਉਣ ਵਾਲੇ ਕਈ ਟਰੱਕਾਂ ਅਤੇ ਟਿੱਪਰਾਂ ਨੂੰ ਰੋਕਿਆ ਜਾ ਰਿਹਾ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਵਾਹਨ ਮਾਲਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਨੂੰ ਆਪਣਾ ਵਪਾਰ ਸੁਤੰਤਰ ਤਰੀਕੇ ਨਾਲ ਕਰਨ ਦੀ ਆਗਿਆ ਦਿੱਤੀ ਜਾਵੇ।

ਇਨ੍ਹਾਂ ਮਾਈਨਰਾਂ ਨੇ ਦਾਅਵਾ ਕੀਤਾ ਕਿ ਪੁਲਿਸ ਨੂੰ ਪੰਜਾਬ ਮਾਈਨਿੰਗ ਉਦਯੋਗ ਦੀ ਇਕ ਸ਼ਕਤੀਸ਼ਾਲੀ ਲਾਬੀ ਦੀ ਹਮਾਇਤ ਪ੍ਰਾਪਤ ਹੈ। ਜੰਮੂ -ਕਸ਼ਮੀਰ ਮਾਈਨਰਜ਼ ਐਸੋਸੀਏਸ਼ਨ ਦੇ ਬੁਲਾਰੇ ਸਰਵੇਸ਼ਵਰ ਸ਼ਰਮਾ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਮਾਈਨਿੰਗ ਸਮਗਰੀ ਤੁਲਨਾਤਮਕ ਤੌਰ ਤੇ ਘੱਟ ਕੀਮਤਾਂ ‘ਤੇ ਵੇਚਦੇ ਹਾਂ ਜਿਸ ਨਾਲ ਪੰਜਾਬ ਵਿਚ ਮਾਈਨਿੰਗ ਉਦਯੋਗ ਦੇ ਵਿੱਤੀ ਹਿੱਤਾਂ ਨੂੰ ਠੇਸ ਪਹੁੰਚੀ ਹੈ।

ਇਹੀ ਕਾਰਨ ਹੈ ਕਿ ਉਹ ਸਾਡੇ ਵਾਹਨਾਂ ਨੂੰ ਇਸ ਗੱਲ ਦੇ ਬਾਵਜੂਦ ਆਗਿਆ ਨਹੀਂ ਦੇ ਰਹੇ ਕਿ ਸਾਡੇ ਕੋਲ ਕਾਨੂੰਨੀ ਜੀਐਸਟੀ ਬਿੱਲ, ਏ-ਫਾਰਮ ਅਤੇ ਲਖਨਪੁਰ ਟੋਲ ਪਲਾਜ਼ਾ ਦੀਆਂ ਰਸੀਦਾਂ ਹਨ। ਸਪੱਸ਼ਟ ਹੈ ਕਿ ਪੁਲਿਸ ਪੰਜਾਬ ਦੇ ਮਾਇਨਰਾਂ ਦੇ ਇਕ ਹਿੱਸੇ ਦੇ ਦਬਾਅ ਹੇਠ ਹੈ। ਐਸਐਸਪੀ ਸੁਰੇਂਦਰ ਲਾਂਬਾ ਨੇ ਕਿਹਾ, “ਅਸੀਂ ਮਾਈਨਿੰਗ ਵਿਭਾਗ ਦੀਆਂ ਸਿਫਾਰਸ਼ਾਂ’ ਤੇ ਅਮਲ ਕਰ ਰਹੇ ਹਾਂ। ਇਸ ਬਾਰੇ ਜ਼ਿਲ੍ਹਾ ਮਾਈਨਿੰਗ ਅਫਸਰ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਟਰੱਕ ਨਹੀਂ ਰੋਕ ਰਹੇ। ਅਸੀਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਾਂ।

ਟੀਵੀ ਪੰਜਾਬ ਬਿਊਰੋ