ਮੋਦੀ ਸਾਹਮਣੇ ਵਿਦੇਸ਼ੀ ਦਖ਼ਲ-ਅੰਦਾਜ਼ੀ ਦਾ ਮੁੱਦਾ ਚੁੱਕਣਗੇ ਟਰੂਡੋ

Singapore- ਸ਼ੁੱਕਰਵਾਰ ਨੂੰ ਨਵੀਂ ਦਿੱਲੀ ਲਈ ਉਡਾਣ ਭਰਨ ਤੋਂ ਕੁਝ ਘੰਟੇ ਪਹਿਲਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਅਜੇ ਤੱਕ ਤੈਅ ਨਹੀਂ ਸੀ ਪਰ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਜੇ ਉਹ ਇਸ ਹਫਤੇ ਦੇ ਅੰਤ ’ਚ ਜੀ-20 ਨੇਤਾਵਾਂ ਦੇ ਸੰਮੇਲਨ ਲਈ ਭਾਰਤ ਦੌਰੇ ਦੌਰਾਨ ਮੋਦੀ ਨੂੰ ਮਿਲਣਗੇ ਤਾਂ ਉਹ ਕੈਨੇਡਾ ’ਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਉਣਗੇ।
ਸ਼ੁੱਕਰਵਾਰ ਨੂੰ ਸਿੰਗਾਪੁਰ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਜਦੋਂ ਟਰੂਡੋ ਕੋਲੋਂ ਇਹ ਪੁੱਛਿਆ ਗਿਆ ਕਿ ਉਹ ਕੈਨੇਡਾ ’ਚ ਵੱਡੀ ਗਿਣਤੀ ’ਚ ਰਹਿੰਦੀ ਸਿੱਖ ਆਬਾਦੀ ਦੇ ਸੰਬੰਧ ’ਚ ਵਿਦੇਸ਼ੀ ਦਖਲਅੰਦਾਜ਼ੀ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਮੋਦੀ ਨੂੰ ਕੀ ਕਹਿਣਗੇ ਤਾਂ ਟਰੂਡੋ ਨੇ ਜਵਾਬ ਦਿੱਤਾ, ‘‘ਹਮੇਸ਼ਾ ਵਾਂਗ, ਅਸੀਂ ਇਸ ਗੱਲ ’ਤੇ ਜ਼ੋਰ ਦੇਵਾਂਗੇ ਕਿ ਕਾਨੂੰਨ ਦਾ ਰਾਜ ਕਿੰਨਾ ਮਹੱਤਵਪੂਰਨ ਹੈ।’’ ਟਰੂਡੋ, ਜਿਸ ਦੀ ਲਿਬਰਲ ਸਰਕਾਰ ਨੇ ਵੀਰਵਾਰ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਨਤਕ ਜਾਂਚ ਦਾ ਐਲਾਨ ਕੀਤਾ, ਨੇ ਅੱਗੇ ਕਿਹਾ ਕਿ ਚੀਨ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜੋ ਜਾਂਚ ਦਾ ਹੱਕਦਾਰ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ‘‘ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਅਸੀਂ ਕੈਨੇਡੀਅਨਾਂ ਨੂੰ ਕਿਸੇ ਵੀ ਅਤੇ ਹਰ ਕਿਸਮ ਦੇ ਦਖਲ ਤੋਂ ਬਚਾਉਣਾ ਜਾਰੀ ਰੱਖੀਏ।’’
ਉਨ੍ਹਾਂ ਕਿਹਾ, ‘‘ਇਸ ਜਾਂਚ ਵਿੱਚ ਅਸੀਂ ਜਿਨ੍ਹਾਂ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਉਨ੍ਹਾਂ ’ਚੋਂ ਇੱਕ ਇਹ ਪਹਿਚਾਨਣਾ ਹੈ ਕਿ ਚੀਨ, ਰੂਸ ਦਖਲਅੰਦਾਜ਼ੀ ਲਈ ਜ਼ਿੰਮੇਵਾਰ ਹਨ, ਪਰ ਹੋਰ ਦੇਸ਼ ਵੀ ਇਸ ’ਚ ਸ਼ਾਮਿਲ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਕਮਿਸ਼ਨ ਉੱਥੇ ਜਾਵੇਗਾ, ਜਿੱਥੋਂ ਤੱਥ ਸਾਹਮਣੇ ਆਉਣਗੇ।’’
ਟਰੂਡੋ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਇਸ ਸਾਲ ਦੇ ਸ਼ੁਰੂ ’ਚ ਕਿਹਾ ਸੀ ਕਿ ਭਾਰਤ, ਇੱਕ ਜਮਹੂਰੀ ਦੇਸ਼ ਹੈ, ਜਿਸ ਨੂੰ ਲਿਬਰਲਾਂ ਨੇ ਆਪਣੀ ਇੰਡੋ-ਪੈਸੀਫਿਕ ਰਣਨੀਤੀ ’ਚ ਨਜ਼ਦੀਕੀ ਸਬੰਧ ਸਥਾਪਤ ਕਰਨ ਲਈ ਤਰਜੀਹ ਵਜੋਂ ਉਜਾਗਰ ਕੀਤਾ ਹੈ, ਜਿਹੜਾ ਕਿ ਕੈਨੇਡਾ ’ਚ ਵਿਦੇਸ਼ੀ ਦਖਲਅੰਦਾਜ਼ੀ ਦੇ ਪ੍ਰਮੁੱਖ ਸਰੋਤਾਂ ’ਚੋਂ ਇੱਕ ਹੈ।
ਨਵੀਂ ਦਿੱਲੀ ਨੇ ਪਹਿਲਾਂ ਦਲੀਲ ਦਿੱਤੀ ਹੈ ਕਿ ਕੈਨੇਡਾ ਦੇ ਤੱਤ ਭਾਰਤ ਦੇ ਘਰੇਲੂ ਮਾਮਲਿਆਂ ’ਚ ਦਖਲਅੰਦਾਜ਼ੀ ਦੇ ਪਿੱਛੇ ਹਨ, ਜਿਸ ’ਚ ਖਾਲਿਸਤਾਨੀ ਵੱਖਵਾਦੀ ਲਹਿਰ ਵੀ ਸ਼ਾਮਲ ਹੈ। ਭਾਰਤ ਸਰਕਾਰ ਇਸ ਨੂੰ ਇੱਕ ਕੱਟੜਪੰਥੀ ਅੰਦੋਲਨ ਵਜੋਂ ਮੰਨਦੀ ਹੈ ਜੋ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ ਅਤੇ ਲੰਬੇ ਸਮੇਂ ਤੋਂ ਕੈਨੇਡਾ ’ਤੇ ਕੱਟੜਪੰਥੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਉਂਦੀ ਰਹੀ ਹੈ। ਓਟਵਾ ਨੇ ਕਿਹਾ ਹੈ ਕਿ ਬੋਲਣ ਦੀ ਆਜ਼ਾਦੀ ਦਾ ਮਤਲਬ ਹੈ ਕਿ ਸਮੂਹ ਉਦੋਂ ਤੱਕ ਰਾਜਨੀਤਿਕ ਰਾਏ ਦੇ ਸਕਦੇ ਹਨ ਜਦੋਂ ਤੱਕ ਉਹ ਹਿੰਸਕ ਨਹੀਂ ਹੁੰਦੇ।