ਗਾਜ਼ਾ ਦੇ ਮੁੱਦੇ ’ਚ ਨੇਤਨਯਾਹੂ ਦੀ ਟਰੂਡੋ ਨੂੰ ਤਾੜਨਾ

Ottawa- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਰਾਰਾ ਜਵਾਬ ਦਿੱਤਾ ਹੈ। ਟਰੂਡੋ ਦੇ ਦੋਸ਼ਾਂ ’ਤੇ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਇਜ਼ਰਾਈਲ ਮਾਸੂਮ ਬੱਚਿਆਂ ਦੀ ਹੱਤਿਆ ਨਹੀਂ ਕਰ ਰਿਹਾ ਹੈ। ਸਗੋਂ ਹਮਾਸ ਅਜਿਹਾ ਕਰਦਾ ਆ ਰਿਹਾ ਹੈ। ਦਰਅਸਲ, ਟਰੂਡੋ ਨੇ ਮੰਗਲਵਾਰ ਨੂੰ ਗਾਜ਼ਾ ’ਚ ਬੱਚਿਆਂ ਦੀਆਂ ਹੱਤਿਆਵਾਂ ਲਈ ਅਸਿੱਧੇ ਤੌਰ ’ਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਇਜ਼ਰਾਈਲੀ ਬਲਾਂ ਨੂੰ ਗਾਜ਼ਾ ਪੱਟੀ ’ਚ ਔਰਤਾਂ, ਬੱਚਿਆਂ ਅਤੇ ਨਿਆਣਿਆਂ ਦੀ ਹੱਤਿਆ ਨੂੰ ਰੋਕਣਾ ਚਾਹੀਦਾ ਹੈ। ਇਸੇ ਮੁੱਦੇ ’ਤੇ ਨੇਤਨਯਾਹੂ ਨੇ ਟਰੂਡੋ ਨੂੰ ਸਖ਼ਤ ਤਾੜਨਾ ਕੀਤੀ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਐਕਸ ’ਤੇ ਲਿਖਿਆ, ‘‘ਇਹ ਇਜ਼ਰਾਈਲ ਨਹੀਂ ਹੈ ਜੋ ਜਾਣਬੁੱਝ ਕੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਬਲਕਿ ਹਮਾਸ ਨੇ ਯਹੂਦੀਆਂ ’ਤੇ ਸਭ ਤੋਂ ਭਿਆਨਕ ਹਮਲਾ ਕੀਤਾ ਹੈ, ਜਿਸ ’ਚ ਨਾਗਰਿਕਾਂ ਦੇ ਸਿਰ ਕਲਮ ਕੀਤੇ ਗਏ, ਉਨ੍ਹਾਂ ਨੂੰ ਜਲਾਇਆ ਗਿਆ ਅਤੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ। ਜਿੱਥੇ ਇਜ਼ਰਾਈਲ ਨਾਗਰਿਕਾਂ ਨੂੰ ਨੁਕਸਾਨ ਦੇ ਰਾਹ ਤੋਂ ਦੂਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਹਮਾਸ ਉਨ੍ਹਾਂ ਨੂੰ ਨੁਕਸਾਨ ਦੇ ਰਾਹ ’ਤੇ ਧੱਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।’’ ਉਨ੍ਹਾਂ ਅੱਗੇ ਲਿਖਿਆ, ‘‘‘ਇਜ਼ਰਾਈਲ ਗਾਜ਼ਾ ’ਚ ਨਾਗਰਿਕਾਂ ਨੂੰ ਸੁਰੱਖਿਅਤ ਗਲਿਆਰੇ ਅਤੇ ਸੁਰੱਖਿਅਤ ਖੇਤਰ ਪ੍ਰਦਾਨ ਕਰ ਰਿਹਾ ਹੈ ਪਰ ਹਮਾਸ ਉਨ੍ਹਾਂ ਨੂੰ ਬੰਦੂਕ ਦੀ ਨੋਕ ’ਤੇ ਜਾਣ ਤੋਂ ਰੋਕ ਰਿਹਾ ਹੈ।’’
ਨੇਤਨਯਾਹੂ ਨੇ ਟਰੂਡੋ ਨੂੰ ਕਿਹਾ ਕਿ ਇਹ ਹਮਾਸ ਹੈ, ਇਜ਼ਰਾਈਲ ਨਹੀਂ, ਜਿਸ ਨੂੰ ਗੁਪਤ ਤੌਰ ’ਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਦੋਹਰੇ ਯੁੱਧ ਅਪਰਾਧਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਸਨੇ ਟਰੂਡੋ ਨੂੰ ਇਹ ਵੀ ਸਮਝਾਇਆ ਕਿ ਸਭਿਅਕ ਤਾਕਤਾਂ ਨੂੰ ਹਮਾਸ ਦੀ ਬਰਬਰਤਾ ਨੂੰ ਹਰਾਉਣ ਲਈ ਇਜ਼ਰਾਈਲ ਦਾ ਸਮਰਥਨ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟਰੂਡੋ ਨੇ ਗਾਜ਼ਾ ਦੀ ਸਥਿਤੀ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਸੀ ਕਿ ਨਿਆਂ ਦੀ ਕੀਮਤ ਸਾਰੇ ਫਲਸਤੀਨੀ ਨਾਗਰਿਕਾਂ ਦਾ ਦਰਦ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੰਗ ਦੇ ਵੀ ਨਿਯਮ ਹੁੰਦੇ ਹਨ। ਸਾਰੇ ਨਿਰਦੋਸ਼ ਲੋਕਾਂ ਦੀ ਜਾਨ ਦੀ ਕੀਮਤ ਇੱਕੋ ਜਿਹੀ ਹੈ, ਫਿਰ ਚਾਹੇ ਇਜ਼ਰਾਈਲੀ ਹੋਣ ਜਾਂ ਫਲਸਤੀਨੀ।