ਕੇਂਦਰੀ ਸਿਹਤ ਮੰਤਰੀ ਵੱਲੋਂ ਪੰਜਾਬ ਨੂੰ ਟੀਕਿਆਂ ਦੀ ਸਪਲਾਈ ‘ਚ ਫੌਰੀ ਤੌਰ ‘ਤੇ 25 ਫੀਸਦ ਵਾਧਾ ਕਰਨ ਦੇ ਹੁਕਮ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਂਦੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਤੇ ਕੋਵੀਸ਼ੀਲਡ ਦੇ ਦੂਜੇ ਟੀਕੇ ਦਾ ਇੰਤੇਜ਼ਾਰ ਕਰ ਰਹੇ 26 ਲੱਖ ਲੋਕਾਂ ਦੀ ਗਿਣਤੀ ਨੂੰ ਵੇਖਦੇ ਹੋਏ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਬੁੱਧਵਾਰ ਨੂੰ ਪੰਜਾਬ ਨੂੰ ਕੀਤੀ ਜਾਂਦੀ ਟੀਕਿਆਂ ਦੀ ਵੰਡ ਵਿਚ ਫੌਰੀ ਤੌਰ ‘ਤੇ 25 ਫੀਸਦੀ ਵਾਧਾ ਕਰਨ ਦੇ ਹੁਕਮ ਦਿੱਤੇ।

ਕੇਂਦਰੀ ਮੰਤਰੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸੂਬੇ ਲਈ ਤਰਜੀਹੀ ਆਧਾਰ ‘ਤੇ ਕੋਵਿਡ ਦੇ ਟੀਕਿਆਂ ਦੀਆਂ 55 ਲੱਖ ਖੁਰਾਕਾਂ ਮੁਹੱਈਆ ਕੀਤੇ ਜਾਣ ਦੀ ਬੇਨਤੀ ਕੀਤੀ ਸੀ। ਮਾਂਡਵੀਆ ਨੇ ਮੁੱਖ ਮੰਤਰੀ ਨੂੰ ਇਸ ਸਬੰਧ ਵਿਚ ਪੂਰਨ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਹਾਲਾਂਕਿ ਅਗਲੇ ਮਹੀਨੇ ਤੋਂ ਸਪਲਾਈ ਸੁਖਾਲੀ ਹੋ ਜਾਵੇਗੀ, ਫਿਰ ਵੀ ਉਹ 31 ਅਕਤੂਬਰ ਤੱਕ ਸੂਬੇ ਦੀ ਲੋੜ ਪੂਰੀ ਕਰ ਦੇਣਗੇ।

ਕੇਂਦਰੀ ਮੰਤਰੀ ਨੇ ਆਪਣੇ ਵਿਭਾਗ ਨੂੰ ਪੰਜਾਬ ਦੀ ਫੌਰੀ ਲੋੜ ਨੂੰ ਵੇਖਦੇ ਹੋਏ ਸੂਬੇ ਦਾ ਕੋਟਾ ਵਧਾਉਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਲੋੜੀਂਦੀ ਸਪਲਾਈ ਨਾਲ ਸੂਬਾ ਸਰਕਾਰ ਰੋਜ਼ਾਨਾ 5 ਤੋਂ 7 ਲੱਖ ਲੋਕਾਂ ਦੇ ਟੀਕਾਕਰਨ ਦਾ ਪ੍ਰਬੰਧ ਕਰਨ ਦੇ ਸਮਰੱਥ ਹੋ ਸਕੇਗੀ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਕਾਫੀ ਘੱਟ ਗਿਣਤੀ ਵਿਚ ਟੀਕਿਆਂ ਦੀ ਅਲਾਟਮੈਂਟ ਹੋਈ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵਾਂ ਦੀ ਤੁਰੰਤ ਸਪਲਾਈ ਕੀਤੇ ਜਾਣ ਦੀ ਬੇਨਤੀ ਕੀਤੀ ਸੀ।

ਟੀਵੀ ਪੰਜਾਬ ਬਿਊਰੋ